ਮੁੱਖ ਮੰਤਰੀ ਅੱਜ ਦੇਣਗੇ ਗੁਪਤਾ ਤੇ ਆਸ਼ੂ ਬਾਰੇ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਵਲੋਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਬਿਆਨ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗੇ ਦੋਸ਼ਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

File Photo

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਵਿਰੋਧੀ ਧਿਰ ਵਲੋਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਬਿਆਨ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗੇ ਦੋਸ਼ਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਫ਼ਰਵਰੀ ਨੂੰ ਸਦਨ 'ਚ ਬਿਆਨ ਦੇਣਗੇ। ਇਹ ਭਰੋਸਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪ ਤੇ ਅਕਾਲੀ ਦਲ ਮੈਂਬਰਾਂ ਨੂੰ ਅੱਜ ਦਿਤਾ ਹੈ।

ਜ਼ਿਕਰਯੋਗ ਹੈ ਕਿ ਅੱਜ ਸੈਸ਼ਨ 'ਚ ਮੁੱਖ ਮੰਤਰੀ ਹਾਜ਼ਰ ਨਹੀਂ ਸਨ ਅਤੇ ਵਿਰੋਧੀ ਧਿਰ ਨੇ ਗੁਪਤਾ ਅਤੇ ਆਸ਼ੂ ਦੇ ਮੁੱਦੇ ਚੁਕਦਿਆਂ ਸਦਨ ਦੀ ਕਾਰਵਾਈ 'ਚ ਵਿਘਨ ਪਾਇਆ, ਜਿਸ ਕਾਰਨ ਸਪੀਕਰ ਨੂੰ ਸਭਾ ਨਿਰਧਾਰਤ ਸਮੇਂ ਤੋਂ ਪਹਿਲਾਂ ਉਠਾਉਣੀ ਪਈ। 

ਚਾਰ ਬੁਲਾਰੇ ਹੀ ਬੋਲ ਸਕੇ ਰਾਜਪਾਲ ਦੇ ਭਾਸ਼ਣ ਤੇ ਬਹਿਸ 'ਚ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ 'ਚ ਅੱਜ ਦੂਜੇ ਦਿਨ ਦੀ ਕਾਰਵਾਈ ਦੌਰਾਨ ਭਾਵੇਂ ਰਾਜਪਾਲ ਦੇ ਭਾਸ਼ਣ ਤੇ ਬਹਿਸ ਸ਼ੁਰੂ ਹੋ ਗਈ ਹੈ ਪਰ ਸ਼ੋਰ ਸ਼ਰਾਬੇ ਦੇ ਮਾਹੌਲ 'ਚ ਚਾਰ ਬੁਲਾਰੇ ਹੀ ਬੋਲ ਸਕੇ। ਰਾਜਪਾਲ ਦੇ ਭਾਸ਼ਣ 'ਤੇ ਸ਼ੁਰੂਆਤ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਕੀਤੀ ਅਤੇ ਇਸ ਨੂੰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਗੇ ਵਧਾਇਆ। ਗਿੱਲ ਤੇ ਚੱਬੇਵਾਲ ਨੇ ਅਕਾਲੀਆਂ ਨੂੰ ਖ਼ੂਬ ਰਗੜੇ ਲਾਏ।

ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਸਰਕਾਰੀ ਸਕੂਲਾਂ ਨੂੰ ਮੜ੍ਹੀਆਂ ਬਣਾ ਦਿਤਾ ਗਿਆ ਹੈ ਜਿਨ੍ਹਾਂ 'ਚ ਮੌਜੂਦਾ ਸਰਕਾਰ ਨੇ ਵੱਡੇ ਸੁਧਾਰ ਕਰ ਕੇ ਨਵੀਂ ਦਿਖ ਦਿਤੀ ਹੈ। ਸਮਾਰਟ ਸਕੂਲ ਬਣਾਏ ਗਏ ਹਨ ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ 'ਤੇ ਮਨਾਉਣ ਲਈ ਬੇਮਿਸਾਲ ਪ੍ਰਬੰਧ ਕੀਤੇ ਜਦਕਿ ਪਿਛਲੀ ਸਰਕਾਰ ਅਜਿਹੇ ਧਾਰਮਕ ਆਯੋਜਨਾਂ ਦੇ ਪ੍ਰੋਗਰਾਮਾਂ ਦੇ ਪੈਸੇ 'ਚ ਵੀ ਲੁੱਟ-ਖਸੁਟ ਕਰਦੀ ਸੀ।

ਨਸ਼ਿਆਂ ਦੇ ਮਾਮਲੇ 'ਚ ਅਨਵਰ ਵਰਗੇ ਵੱਡੇ ਮਗਰਮੱਛ ਕਾਬੂ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲਾਂ ਦਾ ਇਹ ਹਾਲ ਹੈ ਕਿ ਪਤਾ ਨਹੀਂ ਲਗਦਾ ਕਿਹੜਾ ਪੰਥ ਹੈ। ਢੀਂਡਸਾ ਪਰਵਾਰ ਨੇ ਰੈਲੀ ਕਰ ਕੇ ਬਾਦਲ ਨੂੰ ਹੀ ਕੱਢ ਦਿਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੇਖੋ ਤਿੰਨ-ਚਾਰ ਅਕਾਲੀ ਵਿਧਾਇਕ ਵੀ ਪਾਰਟੀ ਛੱਡਣ ਵਾਲੇ ਹਨ। ਕੰਵਰ ਸੰਧੂ ਨੇ ਬਹਿਸ 'ਚ ਹਿੱਸਾ ਲੈਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਰਗਾ ਹੈ ਇਹ ਮੌਜੂਦਾ ਸਰਕਾਰ ਦਾ 3 ਸਾਲ ਦਾ ਕੰਮ ਕਾਰ। ਡਾ. ਚੱਬੇਵਾਲ ਤੇ ਕੁਲਦੀਪ ਵੈਦ ਨੇ ਵੀ ਸਰਕਾਰ ਦੇ ਕੰਮ ਗਿਣਾਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।