ਆਦਰਸ਼ ਮੁੱਖ ਮੰਤਰੀ ਪੁਰਸਕਾਰ ਮਿਲਣ ਤੇ ਕੈਪਟਨ ਅਮਰਿੰਦਰ ਸਿੰਘ ਦੀ ਹਰ ਪਾਸੇ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਇਹ ਨਾਮ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ, ਆਪਣੀ ਉੱਚੀ ਸੋਚ ਤੇ ਦ੍ਰਿੜ ਇਰਾਦਾ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਕੋਈ ਜਾਣਦਾ ਹੈ ਤੇ

File Photo

ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਇਹ ਨਾਮ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ, ਆਪਣੀ ਉੱਚੀ ਸੋਚ ਤੇ ਦ੍ਰਿੜ ਇਰਾਦਾ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਕੋਈ ਜਾਣਦਾ ਹੈ ਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ। 11 ਮਾਰਚ 1942 ਨੂੰ ਪਟਿਆਲ਼ਾ ਦੇ ਰਾਜਸੀ ਪਰਿਵਾਰ ਵਿੱਚ ਜਨਮੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸਿਆਸਤ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ।

ਉਨ੍ਹਾਂ ਨੂੰ ਨਾ ਸਿਰਫ਼ ਆਮ ਲੋਕਾਂ ਤੋਂ ਬਲਕਿ ਪੰਜਾਬ, ਦੇਸ਼ ਤੇ ਅੰਤਰਰਾਸ਼ਟਰੀ ਪੱਧਰ ਦੇ ਸਿਆਸਤਦਾਨਾਂ ਤੋਂ ਵੀ ਇੱਜ਼ਤ ਤੇ ਮਾਣ ਮਿਲਿਆ। ਭਲੇ ਹੀ ਉਹ ਰਾਜਾਸ਼ਾਹੀ ਪਰਿਵਾਰ ਤੋਂ ਹੋਣ ਪਰ ਉਨ੍ਹਾਂ ਨੇ ਹਮੇਸ਼ਾ ਇੱਕ ਆਮ ਵਿਅਕਤੀ ਵਾਂਗ ਆਪਣੀ ਜੀਵਨ ਬਿਤਾਇਆ ਤੇ ਇਹੀ ਕਾਰਣ ਰਿਹਾ ਕਿ ਕਦੀਂ ਵੀ ਕਿਸੇ ਨੇ ਵੀ ਉਨ੍ਹਾਂ ਨਾਲ ਆਪਣਾ ਦੁੱਖ ਸਾਂਝਾ ਕਰਨ ਜਾਂ ਦਿਲ ਦੀ ਗੱਲ ਸਾਂਝੀ ਕਰਨ ਵਿੱਚ ਝਿਜਕ ਮਹਿਸੂਸ ਨਹੀਂ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਸੰਨ 1963 ਵਿੱਚ ਭਾਰਤੀ ਸੈਨਾ ਜੁਆਇਨ ਕੀਤੀ ਤੇ ਦੇਸ਼ ਦੀ ਸੇਵਾ ਤੇ ਰਾਖੀ ਕਰਨ ਦਾ ਫ਼ੈਸਲਾ ਲਿਆ। ਕੈਪਟਨ ਅਮਰਿੰਦਰ ਸਿੰਘ ਦੂਜੀ ਬਟਾਲੀਅਨ ਦੀ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਫੌਜ ਤੋਂ ਅਸਤੀਫ਼ਾ ਦੇ ਤੇ ਸੰਨ 1980 ਵਿੱਚ ਪਹਿਲੀ ਵਾਰ ਸਾਂਸਦ ਬਣ ਕੇ ਸਿਆਸਤ ਵਿੱਚ ਕਦਮ ਰੱਖਿਆ ਤੇ ਇੱਥੋਂ ਹੀ ਉਨ੍ਹਾਂ ਨੇ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ ਤੇ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਚੁੱਕੀ।

ਸਾਲ 2002 ਵਿੱਚ ਉਹ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਖੂਬ ਪਿਆਰ ਤੇ ਸਾਥ ਮਿਲਿਆ ਤੇ ਹੁਣ ਤੱਕ ਮਿਲ ਰਿਹਾ ਹੈ। ਫਿਰ ਸਾਲ 2017 ਵਿੱਚ ਵੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਸਾਥ ਦਿੱਤਾ ਤੇ ਪੰਜਾਬ ਦਾ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਾਇਆ। ਗੱਲ ਚਾਹੇ ਪੰਜਾਬ ਦੀ ਖੇਤੀਬਾੜੀ ਦੀ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਹੋਵੇ ਜਾਂ ਫਿਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਹੋਵੇ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਵਾਸੀਆਂ ਲਈ ਖੜੇ ਰਹੇ ਹਨ ਤੇ ਉਨ੍ਹਾਂ ਦੇ ਹੱਕ ਲਈ ਬੋਲੇ ਹਨ।

ਅਗਰ ਸੱਚੇ ਮਨ ਨਾਲ ਕਿਸੇ ਨੇਤਾ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ ਤਾਂ ਉਹ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹਨ ਤੇ ਇਹੀ ਕਾਰਣ ਹੈ ਕਿ ਉਨ੍ਹਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਆਪਣੀ ਉੱਚੀ ਸੋਚ, ਸੱਚੀ ਤੇ ਸਾਫ਼ ਨੀਅਤ ਲਈ ਹਮੇਸ਼ਾ ਪੰਜਾਬ ਤੇ ਦੇਸ਼ ਭਰ ਦੇ ਲੋਕਾਂ ਨੇ ਉਨ੍ਹਾਂ ਸਲਾਹਿਆ ਹੈ ਤੇ ਇਹੀ ਕਾਰਣ ਹੈ ਕਿ ਹਰ ਕੋਈ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਇਸ ਲਈ ਉਨ੍ਹਾਂ ਨੂੰ ਭਾਰਤੀ ਵਿਦਿਆਰਥੀ ਸੰਸਦ ਵੱਲੋਂ ਆਦਰਸ਼ ਮੁੱਖ ਮੰਤਰੀ 2019 ਪੁਰਸਕਾਰ ਨਾਲ ਨਿਵਾਜ਼ਿਆ ਗਿਆ।

ਪੰਜਾਬ ਵਿੱਚ ਅੱਜ ਅਜਿਹੀਆਂ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਜੋ ਪੰਜਾਬ ਤੇ ਪੰਜਾਬ ਵਾਸੀਆਂ ਲਈ ਕਾਰਗਾਰ ਸਾਬਿਤ ਹੋ ਰਹੀਆਂ ਹਨ ਤੇ ਇਹੀ ਵੱਡਾ ਕਾਰਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਜਿੱਥੇ ਉਨ੍ਹਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਉੱਥੇ ਹੀ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਸਮੇਂ ਸਿਰ ਦਿੱਤਾ। ਢਾਈ ਸਾਲਾਂ ਦੇ ਕਾਰਜਕਾਲ ਵਿੱਚ ਨੌਜਵਾਨਾਂ ਨੂੰ ਕਰੀਬ 11 ਲੱਖ ਤੋਂ ਵੱਧ ਨੌਕਰੀਆਂ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਇਆ।

ਗਰੀਬਾਂ ਦੇ ਇਲਾਜ ਲਈ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤਾ ਜਿਸ ਵਿੱਚ ਮਰੀਜ਼ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ਤੇ ਇਹ ਯੋਜਨਾ ਸਾਰਿਆਂ ਲਈ ਕਾਰਗਾਰ ਸਾਬਿਤ ਹੋ ਰਹੀ ਹੈ। ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਰੀਬ 5500 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਿਸ ਵਿੱਚ ਬੱਚਿਆਂ ਨੂੰ ਆਧੁਨਿਕ ਉਪਕਰਨਾਂ ਨਾਲ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਜਿਥੇ ਖੇਤੀਬਾੜੀ ਵਿੱਚ ਮਜ਼ਬੂਤ ਕਰ ਰਹੇ ਹਨ ਉੱਥੇ ਹੀ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਵੀ ਅੱਗੇ ਵਧਾ ਰਹੇ ਹਨ ਤਾਂ ਜੋ ਪੰਜਾਬ ਦਿਨ ਦੁੱਗਣੀ ਰਾਤ ਚੌਗੁਣੀ ਕਰੇ ਕਿਉਂਕਿ ਅੱਜ ਸਮਾਂ ਬਦਲ ਰਿਹਾ ਹੈ ਤੇ ਕੋਈ ਵੀ ਦੇਸ਼ ਜਾਂ ਸੂਬਾ ਸਿਰਫ਼ ਖੇਤੀਬਾੜੀ ਦੇ ਸਿਰ ‘ਤੇ ਅੱਗੇ ਨਹੀਂ ਵੱਧ ਸਕਦਾ।

ਇਸ ਲਈ ਪੰਜਾਬ ਨੂੰ ਉਦਯੋਗ ਦਾ ਧੁਰਾ ਬਣਾਉਣ ਦੇ ਮਕਸਦ ਨਾਲ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ ਤੇ ਇਨ੍ਹਾਂ ਢਾਈ ਸਾਲਾਂ ਵਿੱਚ ਪੰਜਾਬ ਵਿੱਚ ਕਰੀਬ 58 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਤੇ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਹਨ। ਇਹੀ ਵੱਡਾ ਕਾਰਣ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ 2019 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।