ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ ਚੈਲੇਂਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ‘ਜਾ ਤਾਂ ਵਾਅਦੇ ਪੂਰੇ ਕਰੋ ਜਾਂ ਗੱਦੀ ਛੱਡੋ’

Photo

ਰਾਜਾ ਸਾਂਸੀ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇਕ ਰੈਲੀ ਅਯੋਜਿਤ ਕੀਤੀ ਗਈ। ਇਹ ਰੈਲੀ ਰਾਜਾ ਸਾਂਸੀ ਵਿਖੇ ਅਯੋਜਿਤ ਕੀਤੀ ਗਈ। ਇਸ ਰੈਲੀ ਵਿਚ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਦੌਰਾਨ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰਿਆ ਗਿਆ।

ਅਕਾਲੀਆਂ ਦਾ ਕਹਿਣਾ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ, ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਵਫ਼ਾ ਨਹੀਂ ਹੋਏ, ਜਿਸ ਦੇ ਚਲਦਿਆਂ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਝੂਠੀ ਕਾਂਗਰਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਨਤਾ ਨੂੰ ਸੰਬੋਧਨ ਕੀਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਉਹ ਮਾਝੇ ਦੀ ਸੰਗਤ ਦੇ ਦਰਸ਼ਨ ਕਰ ਸਕਣ ਤੇ ਉਹ ਇੱਛਾ ਅੱਜ ਪੂਰੀ ਹੋ ਗਈ ਹੈ। ਉਹਨਾਂ ਨੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਲੀਡਰਾਂ ਨੂੰ ਰੈਲੀ ਅਯੋਜਿਤ ਕਰਨ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਰੈਲੀ ਦੇ ਮੁੱਖ ਮਕਸਦ ਤੋਂ ਸਾਰੇ ਜਾਣੂ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਤੇ ਜੋ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਵਿਚ ਵਾਅਦੇ ਸੀ, ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ, ਹਰ ਘਰ ਦੇ ਇਕ ਬੱਚੇ ਨੂੰ ਨੌਕਰੀ ਦੇਣਗੇ, ਪੈਨਸ਼ਨ ਵਧਾ ਕੇ 2500 ਕਰਨਗੇ, ਸ਼ਗਨ ਸਕੀਮ ਵੀ 5100 ਕਰਨਗੇ। ਉਹਨਾਂ ਕਿਹਾ ਕੈਪਟਨ ਨੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਵੀ ਸਹੁੰ ਖਾਧੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੇ ਹੋਰ ਵੀ ਦਰਜਨਾਂ ਵਾਅਦੇ ਕੀਤੇ ਸਨ।

ਉਹਨਾਂ ਕਿਹਾ ਜੇਕਰ ਇਕ-ਅੱਧੀ ਗੱਲ ਵੀ ਹੋਵੇ ਤਾਂ ਜਨਤਾ ਭੁੱਲ ਵੀ ਸਕਦੀ ਹੈ ਪਰ ਇਹ ਤਾਂ ਕਈ ਵਾਅਦੇ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਨਾ ਤਾਂ ਕਦੇ ਕਿਸੇ ਦੀ ਨਿੰਦਾ ਕੀਤੀ ਤੇ ਨਾ ਹੀ ਕਦੇ ਕਿਸੇ ‘ਤੇ ਹਮਲਾ ਕੀਤਾ। ਕੈਪਟਨ ਸਰਕਾਰ ਇਕ ਅਜਿਹਾ ਵਾਅਦਾ ਦੱਸਣ ਜਿਹੜਾ ਉਹਨਾਂ ਨੇ ਪੂਰਾ ਕੀਤਾ। ਉਹਨਾਂ ਕਿਹਾ ਕਿ ਕੈਪਟਨ ਨੇ ਜਨਤਾ ਨਾਲ ਧੋਖਾ ਕੀਤਾ ਹੈ।

ਉਹਨਾਂ ਕਿਹਾ ਕਿ ਅੱਜ ਦਾ ਇਕੱਠ ਕੈਪਟਨ ਨੂੰ ਚੈਲੇਂਜ ਕਰਦਾ ਹੈ ਕਿ ਜਾ ਤਾਂ ਵਾਅਦੇ ਪੂਰੇ ਕਰੋ ਜਾਂ ਗੱਦੀ ਛੱਡੋ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਕ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਮੁਤਾਬਕ ਜੇਕਰ ਕੋਈ ਸਰਕਾਰ ਅਪਣੇ ਮੈਨੀਫੈਸਟੋ ਦੇ ਵਾਅਦੇ ਨਾ ਪੂਰਾ ਕਰੇ ਤਾਂ ਉਸ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜਿੰਨਾ ਵੀ ਕੰਮ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ।

ਅਕਾਲੀ-ਭਾਜਪਾ ਦੀ ਸਰਕਾਰ ਨੇ ਉਹ ਕੰਮ ਕੀਤੇ ਹਨ ਜੋ ਦੁਨੀਆ ਵਿਚ ਵੀ ਨਹੀਂ ਹੋਏ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਕਿਸੇ ਨੇ ਕੋਈ ਯਾਦਗਾਰ ਨਹੀਂ ਬਣਾਈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬੀਆਂ ਅਤੇ ਹੋਰ ਭਾਈਚਾਰਿਆਂ ਨੂੰ ਧਾਰਮਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਈ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਦੇ ਜਿੰਨੇ ਵਜ਼ੀਰ ਆਏ ਹਨ ਹਰ ਇਕ ਨੇ ਜਨਤਾ ‘ਤੇ ਹਮਲੇ ਕੀਤੇ ਹਨ। ਇਹਨਾਂ ਵਿਚ ਸਭ ਤੋਂ ਪਹਿਲਾ ਜਵਾਹਰ ਲਾਲ ਨਹਿਰੂ ਸਨ, ਜਿਨ੍ਹਾਂ ਨੇ ਕਾਲੇ ਕਾਨੂੰਨ ਵਿਰੁੱਧ ਅਵਾਜ਼ ਚੁੱਕਣ ਵਾਲੇ ਮਾਸਟਰ ਤਾਰਾ ਸਿੰਘ ਨੂੰ ਕੈਦ ਕੀਤਾ ਸੀ। ਉਹਨਾਂ ਕਿਹਾ ਕਿ ਜਿਹੜਾ ਇਨਸਾਨ ਅਪਣੀ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਦਾ ਹੈ, ਉਹ ਬਹੁਤ ਵੱਡਾ ਪਾਪ ਕਰਦਾ ਹੈ ਤੇ ਕੁਦਰਤ ਉਸ ਨੂੰ ਸਜ਼ਾ ਜ਼ਰੂਰ ਦਿੰਦੀ ਹੈ।

ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਉਹਨਾਂ ਨੇ ਆਪ ਨਹੀਂ ਚੁਣਿਆ, ਪ੍ਰਧਾਨ ਦੀ ਚੋਣ ਕੋਰ ਕਮੇਟੀ ਵੱਲੋਂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਅਜਿਹਾ ਕੋਈ ਪਿੰਡ ਨਹੀਂ ਜਿੱਥੇ ਮੈਂ ਦੋ-ਦੋ ਵਾਰੀ ਨਾ ਗਿਆ ਹੋਵਾਂ। ਉਹਨਾਂ ਕਿਹਾ ਕਿ ਉਹ ਬਾਰਡਰ ਦੇ ਨੇੜੇ ਇਕ-ਇਕ ਪਿੰਡ ਵਿਚ ਗਏ ਪਰ ਕੈਪਟਨ ਤਾਂ ਸ਼ਾਇਦ ਅੰਮ੍ਰਿਤਸਰ ਵੀ ਨਹੀਂ ਆਏ। ਅਖੀਰ ਵਿਚ ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਦੇਸ਼ ਦ ਹੋਵੇ ਜਾਂ ਪੰਜਾਬ ਦੀ, ਉਹ ਧਰਮ ਨਿਰਪੱਖਤਾ ਵਾਲੀ ਹੋਣੀ ਚਾਹੀਦੀ ਹੈ।