ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ, ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਵੇਗਾ- ਬਿਕਰਮ ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਣਹਾਨੀ ਮਾਮਲੇ ਵਿਚ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ ਤੇ ਆਪ ਆਗੂ ਸੰਜੇ ਸਿੰਘ

Bikram Singh Majithia and Sanjay Singh

ਲੁਧਿਆਣਾ: ਮਾਣਹਾਨੀ ਮਾਮਲੇ ਵਿਚ ਅੱਜ ਅਕਾਲੀ ਆਗੂ ਬਿਕਰਮ ਸਿੰਘ  ਮਜੀਠੀਆ ਅਤੇ ਆਪ ਆਗੂ ਸੰਜੇ ਸਿੰਘ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਪੇਸ਼ ਹੋਏ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਅਹਿਮ ਸੁਣਵਾਈ ਹੋਈ। ਇਸ ਮਾਮਲੇ ’ਤੇ ਹੁਣ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ।

ਦਰਅਸਲ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਅੱਜ ਕਰਾਸ ਐਗਜ਼ਾਮਿਨ ਰੱਖੀ ਗਈ ਸੀ ਪਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਕਿ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਵਕੀਲ ਨੇ ਕਰਾਸ ਐਗਜ਼ਾਮਿਨ (Cross Examine) ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਜ਼ਾਹਿਰ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਹਨ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੰਜੇ ਸਿੰਘ ਸੁਣਵੀ ਤੋਂ  ਭੱਜ ਰਹੇ ਹਨ ਕਿਉਂਕਿ ਉਹਨਾਂ ਦੀ ਹਾਰ ਪੱਕੀ ਹੈ। । ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਿਰ ਹੈ ਕੌਣ, ਉਹਨਾਂ ਨੇ ਕੇਸ ਵਿਚ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਅਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਉਹਨਾਂ ਕਿਹਾ ਜਿੱਤ ਸੱਚਾਈ ਦੀ ਹੋਵੇਗੀ ਤੇ ਸੰਜੇ ਸਿੰਘ ਹਰ ਹਾਲ ਵਿਚ ਜੇਲ ਜਾਣਗੇ।

ਮਜੀਠੀਆ ਦੇ ਵਕੀਲ ਨੇ ਕਿਹਾ ਕਿ ਲਗਾਤਾਰ ਸੰਜੇ ਸਿੰਘ ਵਲੋਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਪਰ ਅੱਜ ਕੋਰਟ ਨੇ ਆਪ ਆਗੂ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ।  ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ ’ਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ।

ਆਪ ਆਗੂ ਦੇ ਵਕੀਲ ਨੇ ਕਿਹਾ ਕਿ ਅਸੀਂ ਡਾਕੂਮੈਂਟ ਪੇਸ਼ ਕਰ ਰਹੇ ਹਾਂ ਅਤੇ ਕਰਾਸ ਐਗਜ਼ਾਮਿਨ ਲਈ ਅਸੀਂ ਅਦਾਲਤ ਵਿਚ ਮਨ੍ਹਾਂ ਨਹੀਂ ਕੀਤਾ। ਵਕੀਲ ਨੇ ਕਿਹਾ ਕਿ ਸੰਜੇ ਸਿੰਘ ਦੀ ਜਿੱਤ ਯਕੀਨੀ ਹੋਵੇਗੀ। ਸੰਜੇ ਸਿੰਘ ਨੇ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ’ਤੇ ਟਿੱਪਣੀ ਦਿੰਦਿਆਂ ਕਿਹਾ ਕਿ ਫ਼ੈਸਲਾ ਮਜੀਠੀਆ ਨਹੀਂ ਕਰਨਗੇ ਇਹ ਫ਼ੈਸਲਾ ਅਦਾਲਤ ਦਾ ਹੋਵੇਗਾ।