ਏਅਰਪੋਰਟ ਤੋਂ ਸੋਨਾ ਬਾਹਰ ਕਢਾਉਣ ’ਚ ਤਸਕਰਾਂ ਦੀ ਮਦਦ ਕਰਨ ਵਾਲੇ ਏਅਰਲਾਇੰਸ ਦੇ 2 ਅਫ਼ਸਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸਟਮ ਵਿਭਾਗ ਵਲੋਂ 32.98 ਲੱਖ ਰੁਪਏ ਦਾ ਸੋਨਾ ਬਰਾਮਦ

Airline officer arrested for smuggling gold

ਅੰਮ੍ਰਿਤਸਰ : ਸਰਕਾਰੀ ਅਹੁਦੇ ਅਤੇ ਰੁਤਬੇ ਦੀ ਆੜ ਵਿਚ ਸੋਨੇ ਦੀ ਤਸਕਰੀ ਕਰਵਾਉਣ ਵਾਲੇ ਦੋ ਅਫ਼ਸਰਾਂ ਨੂੰ ਕਸਟਮ ਨੇ 1 ਕਿੱਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜਿਸ ਏਅਰਲਾਈਨ ਦੀ ਬੱਸ ਦੇ ਜ਼ਰੀਏ ਇਸ ਖੇਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਨੂੰ ਵੀ ਕਸਟਮ ਨੇ ਸੀਲ ਕਰ ਦਿਤਾ ਹੈ। ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਏਅਰ ਇੰਡੀਆ ਦਾ ਤੇ ਦੂਜਾ ਇੰਡੋ ਏਅਰਲਾਇੰਸ ਦਾ ਅਧਿਕਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੁਬਈ ਤੋਂ ਆਉਣ ਵਾਲੀਆਂ ਉਡਾਣਾਂ ਦੇ ਜ਼ਰੀਏ ਇਹ ਸੋਨੇ ਦੀ ਤਸਕਰੀ ਕਰਦੇ ਰਹੇ ਹਨ। ਹਾਲਾਂਕਿ ਮੇਨ ਗੇਟ ਉਤੇ ਕਸਟਮ ਦੀ ਕੜੀ ਚੈਕਿੰਗ ਹੁੰਦੀ ਹੈ ਜਿਸ ਕਾਰਨ ਇਹ ਲੋਕ ਇਧਰ ਵੱਲ ਦੀ ਨਹੀਂ ਆਉਂਦੇ ਸਨ। ਅਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਗੇਟ ਨੰਬਰ ਦੋ ਤੋਂ ਤਸਕਰੀ ਨੂੰ ਅੰਜਾਮ ਦਿੰਦੇ ਰਹੇ ਹਨ।

ਕਸਟਮ ਵਿਭਾਗ ਦੇ ਅਫ਼ਸਰਾਂ ਦੇ ਮੁਤਾਬਕ ਵਿਭਾਗ ਨੇ ਸ਼ੱਕ ਹੋਣ ਉਤੇ ਪਿਛਲੇ ਮਹੀਨੇ ਤੋਂ ਜਾਲ ਵਿਛਾ ਕੇ ਇਨ੍ਹਾਂ ਉਤੇ ਨਜ਼ਰ ਰੱਖੀ ਹੋਈ ਸੀ। ਇਨ੍ਹਾਂ ਤੋਂ ਫੜਿਆ ਗਿਆ ਸੋਨਾ 32.98 ਲੱਖ ਰੁਪਏ ਦਾ ਹੈ। ਤਸਕਰੀ ਵਿਚ ਸ਼ਾਮਲ ਹੋਰ ਲੋਕਾਂ ਤੱਕ ਵੀ ਕਸਟਮ ਵਿਭਾਗ ਦੀ ਟੀਮ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।