ਕਿਸਾਨ ਵਲੋਂ ਖ਼ੁਦਕੁਸ਼ੀ, ਪੁੱਤਰ ਦਾ ਇਲਜ਼ਾਮ- ਵਿਰੋਧੀਆਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਦਿਤੀ ਜਾਨ
ਰਿਸ਼ਤੇਦਾਰਾਂ ਨੇ ਹੀ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਉਤੇ ਜ਼ਬਰਦਸਤੀ ਕਬਜ਼ਾ ਕਰ ਰੱਖਿਆ ਸੀ
ਸੁਨਾਮ : ਅਪਣੇ ਹਿੱਸੇ ਦੀ ਜ਼ਮੀਨ ਦੀ ਅਦਾਲਤ ਵਿਚ ਪੈਰਵੀ ਕਰ ਰਹੇ ਕਿਸਾਨ ਨੇ ਵਿਰੋਧੀਆਂ ਵਲੋਂ ਦਿਤੀਆਂ ਕਥਿਤ ਧਮਕੀਆਂ ਤੋਂ ਤੰਗ ਆ ਕੇ ਖ਼ੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਬੇਟੇ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਉਤੇ ਜ਼ਬਰਦਸਤੀ ਕਬਜ਼ਾ ਕਰ ਰੱਖਿਆ ਸੀ। ਪਿਤਾ ਜਦੋਂ ਵੀ ਅਦਾਲਤ ਵਿਚ ਪੈਰਵੀ ਲਈ ਜਾਂਦੇ ਤਾਂ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਪੁਲਿਸ ਨੇ ਮੁਲਜ਼ਮਾਂ ਦਾ ਸਾਥ ਦੇਣ ਵਾਲੇ ਸਰਪੰਚ ਸਮੇਤ ਚਾਰ ਲੋਕਾਂ ਦੇ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪਿੰਡ ਕਣਕਵਾਲ ਭੰਗੂਆ ਨਿਵਾਸੀ ਯਾਦਵਿੰਦਰ ਸਿੰਘ ਉਰਫ਼ ਗੱਗੂ ਨੇ ਦੱਸਿਆ ਕਿ ਉਹ ਚਾਰ ਭੈਣ-ਭਰਾ ਹਨ। ਪਿਤਾ ਨਾਇਬ ਸਿੰਘ ਦੇ ਕੋਲ ਡੇਢ ਏਕਡ਼ ਜ਼ਮੀਨ ਸੀ। ਪਰਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਪਿਤਾ ਨੇ ਜ਼ਮੀਨ ਵੇਚ ਦਿਤੀ। ਇਸ ਤੋਂ ਬਾਅਦ ਵੱਡੀ ਭੈਣ ਰਮਨਦੀਪ ਕੌਰ ਦਾ ਵਿਆਹ ਕਰ ਦਿਤਾ ਸੀ ਅਤੇ ਬਾਕੀ ਭੈਣ-ਭਰਾ ਅਜੇ ਕੰਵਾਰੇ ਹਨ। ਪਿਤਾ ਮਿਹਨਤ ਮਜ਼ਦੂਰੀ ਕਰਕੇ ਪਰਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਉਸ ਦੀ ਰਿਸ਼ਤੇਦਾਰੀ ਵਿਚ ਚਾਚਾ ਲੱਗਦੇ ਸੁਖਦੇਵ ਸਿੰਘ ਦੇ ਨਾਮ ਉਤੇ ਲਗਭੱਗ 28 ਏਕਡ਼ ਜ਼ਮੀਨ ਅਤੇ 10 ਪਲਾਟ ਸਨ।
ਇਸ ਜ਼ਮੀਨ ਅਤੇ ਪਲਾਟ ਉਤੇ ਉਨ੍ਹਾਂ ਦੇ ਪਰਵਾਰ ਦਾ ਵੀ ਹੱਕ ਬਣਦਾ ਸੀ। ਇਹ ਜ਼ਮੀਨ ਅਤੇ ਪਲਾਟ ਪਿੰਡ ਛਾਜਲੀ, ਨੰਗਲਾ, ਰਾਮਗੜ ਸੰਧੂਆ ਅਤੇ ਕਣਕਵਾਲ ਭੰਗੂਆ ਵਿਚ ਹੈ। ਯਾਦਵਿੰਦਰ ਨੇ ਦੱਸਿਆ ਕਿ ਲਗਭੱਗ 1 ਸਾਲ ਪਹਿਲਾਂ ਉਸ ਦੇ ਚਾਚਾ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਵਾਰ ਦੇ ਹਿੱਸੇ ਆਉਂਦੀ ਜ਼ਮੀਨ ਉਤੇ ਬਿੰਦਰ ਸਿੰਘ, ਉਸ ਦੀ ਪਤਨੀ ਮੇਲਾਂ ਕੌਰ, ਕੇਸਰ ਸਿੰਘ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਕੰਮ ਵਿਚ ਜ਼ਿਲ੍ਹਾ ਮਾਨਸਾ ਦੇ ਪਿੰਡ ਗਡਦੀ ਦਾ ਸਰਪੰਚ ਮਹਿੰਦਰ ਸਿੰਘ ਉਨ੍ਹਾਂ ਦੀ ਮਦਦ ਕਰਦਾ ਸੀ।
ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਅਦਾਲਤ ਵਿਚ ਕੇਸ ਚੱਲਦਾ ਸੀ। ਇਸ ਦੀ ਪੈਰਵੀ ਪਿਤਾ ਨਾਇਬ ਸਿੰਘ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਕਰਦੀ ਸੀ। ਪਿਤਾ ਨਾਇਬ ਸਿੰਘ ਜਦੋਂ ਵੀ ਪੇਸ਼ੀ ਦੇ ਦੌਰਾਨ ਅਦਾਲਤ ਵਿਚ ਜਾਂਦੇ ਸਨ ਜਾਂ ਕਿਸੇ ਹੋਰ ਅਧਿਕਾਰੀ ਨੂੰ ਮਿਲਦੇ ਸਨ, ਤਾਂ ਉਕਤ ਵਿਅਕਤੀ ਪਿਤਾ ਨੂੰ ਡਰਾਉਂਦੇ ਧਮਕਾਉਂਦੇ ਸਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਸਨ। ਇਸ ਕਾਰਨ ਉਸ ਦੇ ਪਿਤਾ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸਨ।