ਧੀ ਦੇ ਅਣਚਾਹੇ ਬੱਚੇ ਨੂੰ ਮਾਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਖ਼ੁਦਕੁਸ਼ੀ
ਅਮਰੀਕਾ ਦੇ ਬੇਕਰਸਫੀਲਡ ਵਿਚ ਆਪਣੀ ਧੀ ਦੇ ਅਣਚਾਹੇ ਬੱਚੇ ਨੂੰ ਮਾਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ।
ਅਮਰੀਕਾ ਦੇ ਬੇਕਰਸਫੀਲਡ ਵਿਚ ਆਪਣੀ ਧੀ ਦੇ ਅਣਚਾਹੇ ਬੱਚੇ ਨੂੰ ਮਾਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ (47) ਵਜੋਂ ਹੋਈ ਹੈ। ਜਗਸੀਰ ਦੀ ਲਾਸ਼ ਉਸ ਦੇ ਘਰ ‘ਚੋਂ ਬਰਾਮਦ ਹੋਈ ਹੈ ਅਤੇ ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।
ਜਾਣਕਾਰੀ ਅਨੁਸਾਰ ਜਗਸੀਰ ਸਿੰਘ ਤੇ ਉਸ ਦੀ ਪਤਨੀ ਬੇਅੰਤ ਕੌਰ ਢਿੱਲੋਂ ਅਪਣੇ ਪੋਤੇ ਦੇ ਕਤਲ ਦੇ ਮਾਮਲੇ ਵਿਚ ਹਿਰਾਸਤ ਵਿਚ ਸਨ। ਪੁਲਿਸ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਨਵੰਬਰ ਵਿਚ ਉਨ੍ਹਾਂ ਦੀ 15 ਸਾਲਾ ਧੀ ਨੇ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੀ ਦਾਦੀ, ਜੋ ਮਾਨਤਾ ਪ੍ਰਾਪਤ ਨਰਸ ਹੈ, ਨੇ ਨਵਜਨਮੇ ਬੱਚੇ ਨੂੰ ਪਾਣੀ ਵਿਚ ਡੋਬ ਕੇ ਮਾਰ ਦਿਤਾ।
ਗੁਨਾਹ ਲੁਕਾਉਣ ਲਈ ਉਸ ਦੇ ਪਤੀ ਜਗਸੀਰ ਸਿੰਘ ਅਤੇ ਰਿਸ਼ਤੇਦਾਰ ਬਖਸ਼ਿੰਦਰਪਾਲ ਸਿੰਘ ਮਾਨ ਨੇ ਰਲ਼ ਕੇ ਆਪਣੇ ਸ਼ਾਈਨਿੰਗ ਕਾਰਗ ਐਵੇਨਿਊ ਦੇ 5200 ਬਲਾਕ ਵਿਚ ਬਣੇ ਘਰ ਦੇ ਪਿਛਲੇ ਪਾਸੇ ਬਣਾਏ ਬਗ਼ੀਚੇ ਦੀਆਂ ਕਿਆਰੀਆਂ ਵਿਚ ਹੀ ਦਫ਼ਨਾ ਦਿੱਤਾ ਸੀ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਬੀਤੀ 26 ਫਰਵਰੀ ਨੂੰ ਨਵਜੰਮੇ ਬੱਚੇ ਦੀਆਂ ਅਸਥੀਆਂ ਬਰਾਮਦ ਕਰ ਲਈਆਂ ਸਨ ਅਤੇ ਜਗਸੀਰ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਜਗਸੀਰ ਸਿੰਘ ਨੂੰ ਜ਼ਮਾਨਤ ਮਿਲ ਗਈ ਪਰ ਬੇਅੰਤ ਕੌਰ ਢਿੱਲੋਂ ਹਾਲੇ ਵੀ ਜੇਲ੍ਹ ਵਿਚ ਹੈ।
ਇਸੇ ਦੌਰਾਨ ਪੁਲਿਸ ਨੂੰ ਜ਼ਮਾਨਤ 'ਤੇ ਆਏ ਜਗਸੀਰ ਸਿੰਘ ਦੀ ਲਾਸ਼ ਉਸ ਦੇ ਘਰ ਵਿਚੋਂ ਮਿਲੀ। ਪੁਲਿਸ ਮੁਤਾਬਕ ਬੇਅੰਤ ਕੌਰ ਢਿੱਲੋਂ ਨੇ ਅਣਖ ਖਾਤਰ ਇਸ ਘਿਨੌਣੇ ਜ਼ੁਰਮ ਨੂੰ ਅੰਜ਼ਾਮ ਦਿਤਾ ਸੀ। ਫਿਲਹਾਲ ਪੁਲਿਸ ਵਲੋਂ ਜਗਸੀਰ ਸਿੰਘ ਦੀ ਮੌਤ ਬਾਰੇ ਤਫਤੀਸ਼ ਕੀਤੀ ਜਾ ਰਹੀ ਏ।