ਦੇਸ਼ ਲਈ ਮਿਸਾਲ ਬਣੀ Punjab ਦੀ ਇਸ ਸਰਪੰਚ ਨਾਲ ਪੀਐਮ ਮੋਦੀ ਨੇ ਕੀਤੀ ਵੀਡੀਓ ਕਾਨਫਰੰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ ਦੇ ਪਿੰਡ ਹਾੜਾ ਨਰਾਇਣਪੁਰ ਦੀ ਸਰਪੰਚ ਹੈ ਪੱਲ਼ਵੀ ਠਾਕੁਰ

Photo

ਨਵੀਂ ਦਿੱਲੀ: ਬੀਤੇ ਦਿਨ 24 ਅਪ੍ਰੈਲ ਨੂੰ ਦੇਸ਼ ਵਿਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਲੌਕਡਾਊਨ ਦੇ ਚਲਦਿਆਂ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲ਼ਬਾਤ ਕੀਤੀ।  

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ ਨਰਾਇਣਪੁਰ ਦੀ ਸਰਪੰਚ ਪੱਲਵੀ ਠਾਕੁਰ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਪੱਲਵੀ ਠਾਕੁਰ ਪੰਜਾਬ ਦੀ ਸਭ ਤੋਂ ਨੌਜਵਾਨ ਅਤੇ ਘੱਟ ਉਮਰ ਦੀ ਸਰਪੰਚ ਹੈ। ਪੱਲਵੀ ਅਤੇ ਪੀਐਮ ਮੋਦੀ ਵਿਚਕਾਰ ਲਗਭਗ 5 ਮਿੰਟ ਤਕ ਗੱਲਬਾਤ ਹੋਈ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਪੱਲ਼ਵੀ ਦੀ ਪੰਚਾਇਤ ਵੱਲ਼ੋਂ ਕੀਤੇ ਕੰਮਾਂ ਨੂੰ ਧਿਆਨ ਨਾਲ ਸੁਣਿਆ। ਇਸ ਦੇ ਨਾਲ ਹੀ ਪੱਲਵੀ ਨੇ ਕੋਰੋਨਾ ਸੰਕਟ ਨਾਲ ਨਜਿੱਠਣ, ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧਾਂ ਤੇ ਨਸ਼ੇ ਦੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ। ਪੱਲਵੀ ਠਾਕੁਰ ਦੀਆਂ ਗੱਲ਼ਾਂ ਤੋਂ ਪੀਐਮ ਮੋਦੀ ਕਾਫੀ ਪ੍ਰਭਾਵਿਤ ਹੋਏ।

ਪੱਲ਼ਵੀ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਉਸ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਉਹਨਾਂ ਦੱਸਿਆ ਕਿ ਪਹਿਲਾਂ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਗੱਲ ਸੁਣੀ ਬਾਅਦ ਵਿਚ ਅਪਣੀ ਗੱਲ਼ ਕਹੀ। ਪੱਲ਼ਵੀ ਦਾ ਕਹਿਣਾ ਹੈ ਕਿ ਇਹ ਉਹਨਾਂ ਲਈ ਕਿਸੇ ਵੱਡੇ ਸਨਮਾਨ ਤੋਂ ਘੱਟ ਨਹੀਂ ਹੈ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਧਿਆਨ ਨਾਲ ਸੁਣੀਆਂ। ਜ਼ਿਕਰਯੋਗ ਹੈ ਕਿ ਪੱਲ਼ਵੀ ਠਾਕੁਰ ਨੂੰ ਢਾਈ ਸਾਲ ਪਹਿਲਾਂ ਪਿੰਡ ਦੀ ਸਰਪੰਚ ਚੁਣਿਆ ਗਿਆ ਸੀ। ਉਹਨਾਂ ਨੇ ਚੰਡੀਗੜ੍ਹ ਤੋਂ ਬੀਐਸਈ ਕੀਤੀ ਹੈ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਨੇ ਪਿੰਡ ਦੀ ਸੇਵਾ ਕਰਨ ਦਾ ਫੈਸਲਾ ਲਿਆ। ਉਹ ਪੰਜਾਬ ਦੀ ਸਭ ਤੋਂ ਨੌਜਵਾਨ ਸਰਪੰਚ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਪੱਲ਼ਵੀ ਦੀ ਪੰਚਾਇਤ ਵੱਲੋਂ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਲੌਕਡਾਊਨ ਦੌਰਾਨ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਪੱਲ਼ਵੀ ਠਾਕੁਰ ਨੇ ਇੰਨੀ ਘੱਟ ਉਮਰ ਵਿਚ ਅਪਣੇ ਪਿੰਡ ਦੀ ਵਾਗਡੋਰ ਸੰਭਾਲ ਕੇ ਪੂਰੇ ਦੇਸ਼ ਵਿਚ ਨਵੀਂ ਮਿਸਾਲ ਪੇਸ਼ ਕੀਤੀ ਹੈ।