ਪੰਜਾਬ ਸਰਕਾਰ ਨਿਯਮਾਂ ਅਨੁਸਾਰ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਦੀ ਭਲਾਈ ਲਈ ਵਚਨਬੱਧ: ਲਾਲਜੀਤ ਸਿੰਘ ਭੁੱਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰਾਂਸਪੋਰਟਰਾਂ ਦੀਆਂ ਜਾਇਜ਼ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਦਿੱਤਾ ਭਰੋਸਾ

Laljit Singh Bhullar

 

 ਚੰਡੀਗੜ੍ਹ:  ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨਿਯਮਾਂ ਅਨੁਸਾਰ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਦੀ ਭਲਾਈ ਲਈ ਵਚਨਬੱਧ ਹੈ।  ਵੱਖ-ਵੱਖ ਬੱਸ ਟਰਾਂਸਪੋਰਟਰਾਂ ਦੇ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਟਰਾਂਸਪੋਰਟਰਾਂ ਦੀਆਂ ਜਾਇਜ਼ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਢੁਕਵੀਆਂ ਮੰਗਾਂ ਬਾਰੇ ਛੇਤੀ ਹੀ ਉਸਾਰੂ ਫੈਸਲਾ ਲਿਆ ਜਾਵੇਗਾ।

Laljit Bhullar

ਬੜੇ ਹੀ ਸਕਾਰਾਤਮਕ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਦ੍ਰਿੜ੍ਹ ਹੈ, ਜਿਸ ਦੇ ਚੱਲਦਿਆਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਸੂਬੇ ਦੇ ਟਰਾਂਸਪੋਰਟਰਾਂ ਵੱਲ ਖੜ੍ਹੇ ਮੋਟਰ ਟੈਕਸਾਂ/ਏਰੀਅਰ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਅਗਲੇ ਤਿੰਨ ਮਹੀਨਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਸਮਾਂ ਦਿੱਤਾ ਗਿਆ ਹੈ।   

Transport Minister Laljit Singh Bhullar

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਕੈਰਿਜ ਟੈਕਸ ਪਹਿਲਾਂ ਹੀ ਘਟਾ ਦਿੱਤਾ ਗਿਆ ਸੀ ਅਤੇ ਹੁਣ ਜਿਹੜੇ ਟਰਾਂਸਪੋਰਟਰ ਆਪਰੇਟਰ ਟੈਕਸ ਅਦਾ ਕਰਨ ਵਿੱਚ ਨਾਕਾਮ ਰਹੇ ਸਨ, ਉਨ੍ਹਾਂ ਲਈ ਸਰਕਾਰ ਵੱਲੋਂ ਐਮਨੇਸਟੀ ਸਕੀਮ ਤਹਿਤ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਵੱਲੋਂ ਗੱਡੀਆਂ ਦੇ ਬਣਦੇ ਟੈਕਸ ਉੱਤੇ 10 ਫ਼ੀਸਦੀ ਸੋਸ਼ਲ ਸਕਿਊਰਟੀ ਸੈਸ ਹਟਾਉਣ ਦੀ ਮੰਗ ਬਾਰੇ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਵਿੱਤ ਵਿਭਾਗ ਨਾਲ ਸਬੰਧਤ ਹੈ ਪਰ ਫਿਰ ਵੀ ਉਹ ਇਸ ਬਾਰੇ ਵਿੱਤ ਵਿਭਾਗ ਨਾਲ ਰਾਬਤਾ ਕਰਨਗੇ।  

Punjab Govt

ਮੋਟਰ ਟੈਕਸਾਂ/ਏਰੀਅਰ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਅਗਲੇ ਤਿੰਨ ਮਹੀਨਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਸਮਾਂ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਟਰਾਂਸਪੋਰਟਰਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਨਿੱਜੀ ਬੱਸ ਸਰਵਿਸ ਮਾਲਕਾਂ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ ਜਿਸ ਨਾਲ ਕੋਵਿਡ ਕਾਰਨ ਭਾਰੀ ਆਰਥਿਕ ਸੰਕਟ ਵਿੱਚੋਂ ਨਿਕਲ ਕੇ ਮੁੜ ਪੈਰਾਂ ਸਿਰ ਹੋਣ ਦਾ ਮੌਕਾ ਮਿਲੇਗਾ। ਟਰਾਂਸਪੋਰਟਰਾਂ ਵੱਲੋਂ ਭੁੱਲਰ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।