ਫਰੀਦਕੋਟ 'ਚ ਜਸਪਾਲ ਸਿੰਘ ਦੀ ਮੌਤ ਮਾਮਲਾ ਗਰਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਕੱਢਿਆ ਕੈਂਡਲ ਮਾਰਚ

Jaspal Singh

ਫਰੀਦਕੋਟ- ਫਰੀਦਕੋਟ ਵਿਚ ਕਥਿਤ ਤੌਰ 'ਤੇ ਪੁਲਿਸ ਹਿਰਾਸਤ ਵਿਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਮੌਤ ਨੂੰ ਲੈ ਕੇ ਮਾਮਲਾ ਕਾਫ਼ੀ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਫਰੀਦਕੋਟ ਐਕਸ਼ਨ ਕਮੇਟੀ ਤੇ ਹੋਰ ਜੱਥੇਬੰਦੀਆਂ ਨੇ ਮਿਲ ਕੇ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਦੌਰਾਨ ਪੁਲਿਸ ਪ੍ਰਸ਼ਾਸ਼ਨ ਫਰੀਦਕੋਟ ਅਤੇ ਵਿਧਾਇਕ ਕਿੱਕੀ ਢਿੱਲੋਂ ਦੇ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਪੁਲਿਸ ਨੇ ਖ਼ੁਦ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਮਗਰੋਂ ਇਹ ਖ਼ੁਲਾਸਾ ਕੀਤਾ ਸੀ ਕਿ ਮੁਲਜ਼ਮਾਂ ਨੇ ਜਸਪਾਲ ਸਿੰਘ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਪਰ ਅੱਜ ਇੰਨੇ ਦਿਨ ਬੀਤ ਜਾਣ 'ਤੇ ਪੁਲਿਸ ਜਸਪਾਲ ਸਿੰਘ ਦੀ ਲਾਸ਼ ਨੂੰ ਲੱਭਣ ਵਿਚ ਨਾਕਾਮ ਰਹੀ। ਜਿਸ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਫਿਲਹਾਲ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਨੂੰ ਲੈ ਕੇ ਮਾਮਲਾ ਵਧਦਾ ਜਾ ਰਿਹਾ ਹੈ। ਜਿੱਥੇ ਲੋਕਾਂ ਵਿਚ ਪੁਲਿਸ ਪ੍ਰਤੀ ਰੋਹ ਵਧ ਰਿਹਾ ਹੈ। ਉਥੇ ਹੀ ਸਰਕਾਰ ਪ੍ਰਤੀ ਵੀ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਦੇਖਣਾ ਹੋਵੇਗਾ ਕਿ ਪੀੜਤ ਮਾਪਿਆਂ ਨੂੰ ਇਨਸਾਫ਼ ਕਦੋਂ ਮਿਲੇਗਾ?