ਆਮ ਆਦਮੀ ਪਾਰਟੀ ਨੇ ਘੇਰੀ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਇਕਾਈ ਵਲੋਂ ਅੱਜ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ

File Photo

ਪਟਿਆਲਾ : ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਇਕਾਈ ਵਲੋਂ ਅੱਜ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਲਕਾ ਇੰਚਾਰਜ ਬਿਜਲੀ ਅੰਦੋਲਨ ਪਟਿਆਲਾ ਸ਼ਹਿਰੀ ਅਤੇ ਦਿਹਾਤੀ  ਕੁੰਦਨ ਗੋਗੀਆ ਅਤੇ ਪ੍ਰੀਤੀ ਮਲਹੋਤਰਾ ਦੀ ਅਗਵਾਈ ਵਿਚ  ਪਟਿਆਲਾ ਦੇ ਦਾਲ ਦਲੀਆ ਚੌਂਕ ਨੇੜੇ ਸਥਿਤ ਪੰਜਾਬ ਦੇ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕੀਤਾ ਗਿਆ।

ਇਸ ਮੌਕੇ ਪਾਰਟੀ ਦੇ ਪੰਜਾਬ ਸਹਿ-ਸੰਗਠਨ ਇੰਚਾਰਜ ਗਗਨਦੀਪ ਸਿੰਘ ਚੱਢਾ, ਸੂਬਾ ਪ੍ਰਧਾਨ ਵਪਾਰ ਵਿੰਗ ਨੀਨਾ ਮਿੱਤਲ, ਸੂਬਾ ਪ੍ਰਧਾਨ ਫ਼ੌਜੀ ਵਿੰਗ ਮੇਜਰ ਮਲਹੋਤਰਾ, ਜਨਰਲ ਸਕੱਤਰ ਪੰਜਾਬ ਜਰਨੈਲ ਮਨੂੰ, ਅਤੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਵਿਸ਼ੇਸ਼ ਤੌਰ ਉਤੇ ਪਹੁੰਚੇ। ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ, ਬਿਜਲੀ ਅੰਦੋਲਨ ਇੰਚਾਰਜ ਕੁੰਦਨ ਗੋਗੀਆ ਅਤੇ ਪ੍ਰੀਤੀ ਮਲਹੋਤਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਪਾਰਟੀ ਦੇ ਸ਼ਹਿਰੀ ਅਤੇ ਦਿਹਾਤੀ ਏਰੀਆ ਵਲੋਂ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਜੋ ਪ੍ਰਾਈਵੇਟ ਸਕੂਲਾਂ ਵਲੋਂ ਫ਼ੀਸਾਂ ਲੈਣ ਸਬੰਧੀ ਦੋਹਰੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ,

ਅਤੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਦੀਆਂ ਫ਼ੀਸਾਂ ਦੇਣ ਲਈ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਕੱਢਕੇ ਮਜਬੂਰ ਕੀਤਾ ਜਾ ਰਿਹਾ ਹੈ, ਉਸਦੇ ਵਿਰੋਧ ਵਿਚ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨਾ ਦਿਤਾ ਗਿਆ। ਇਸ ਧਰਨੇ ਵਿਚ ਪਾਰਟੀ ਦੇ ਆਗੂਆਂ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਮਾਪਿਆਂ ਵਲੋਂ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕਰ ਕੇ ਕੈਪਟਨ ਸਰਕਾਰ ਅਤੇ ਸਿਖਿਆ ਮੰਤਰੀ ਵਿਰੁਧ ਜ਼ੋਰਦਾਰ ਰੋਸ-ਪ੍ਰਦਰਸ਼ਨ ਕੀਤਾ ਗਿਆ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਸਵੇਰੇ ਪਾਰਟੀ ਦੇ ਆਗੂਆਂ ਅਤੇ ਸ਼ਹਿਰ ਦੇ ਮਾਪਿਆਂ ਵਲੋਂ ਮਿਲਕੇ ਧਰਨਾ ਸ਼ੁਰੂ ਕੀਤਾ ਗਿਆ, ਤਾਂ ਆਮ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਵਲੋਂ ਪੰਜ ਮੈਂਬਰੀ ਵਫ਼ਦ ਨੂੰ ਮਿਲਣ ਵਾਸਤੇ ਬੁਲਾਇਆ ਗਿਆ। ਜਦੋਂ ਵਫ਼ਦ ਜਾਣ ਲਈ ਤਿਆਰ ਹੋ ਗਿਆ ਅਤੇ ਧਰਨਾ ਖ਼ਤਮ ਹੋਣ ਲੱਗਾ ਤਾਂ ਸਿਖਿਆ ਮੰਤਰੀ ਨੇ ਮਿਲਣ ਤੋਂ ਇਨਕਾਰੀ ਕਰ ਦਿਤੀ, ਜਿਸ ਕਰ ਕੇ ਪਾਰਟੀ ਦੇ ਆਗੂਆਂ ਅਤੇ ਮਾਪਿਆਂ ਦੇ ਗੁੱਸਾ ਹੋਰ ਭੜਕ ਗਿਆ ਅਤੇ ਫਿਰ ਦੁਬਾਰਾ ਤੋਂ ਧਰਨਾ ਸ਼ੁਰੂ ਕਰ ਦਿਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਧਰਨਾ ਚੁੱਕਾਉਣ ਲਈ ਸਖ਼ਤੀ ਦੇ ਸੰਦੇਸ਼ ਮਿਲਣ ਲੰਘ ਪਏ ਸਨ,

ਪਰ ਪਾਰਟੀ ਦੇ ਆਗੂ ਅਤੇ ਬੱਚਿਆਂ ਦੇ ਮਾਪੇ ਕੜਕਦੀ ਧੁੱਪ ਵਿਚ ਧਰਨੇ ਤੇ ਡਟੇ ਰਹੇ। ਲੋਕਾਂ ਦੇ ਹੌਂਸਲੇ ਨੂੰ ਦੇਖਦੇ ਹੋਏ, ਸਿਖਿਆ ਮੰਤਰੀ ਨੇ ਮੰਗ ਪੱਤਰ ਲੈਣ ਵਾਸਤੇ ਪਟਿਆਲਾ ਦੇ ਐਸ ਡੀ ਐਮ ਚਰਨਜੀਤ ਸਿੰਘ ਨੂੰ ਮੌਕੇ ਉਤੇ ਭੇਜਿਆ, ਪਰ ਪਾਰਟੀ ਆਗੂ ਅਤੇ ਮਾਪੇ ਸਿਖਿਆ ਮੰਤਰੀ ਨੂੰ ਮਿਲਣ ਵਾਸਤੇ ਅੜ੍ਹੇ ਰਹੇ, ਤਾਂ ਮੌਕੇ ਉਤੇ ਪਹੁੰਚੇ ਐਸ ਡੀ ਐਮ ਸਾਹਿਬ ਨੇ ਪਾਰਟੀ ਆਗੂਆਂ ਅਤੇ ਮਾਪਿਆਂ ਨਾਲ ਸਿਖਿਆ ਮੰਤਰੀ ਦੀ ਵੀਡੀਉ ਕਾਲ ਰਾਹੀਂ ਗੱਲਬਾਤ ਕਰਵਾਈ ਜਿਸ ਵਿਚ ਸਿਖਿਆ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਹੁਣ ਫੀਸਾਂ ਸੰਬੰਧੀ ਮਾਮਲਾ ਮਾਣਯੋਗ ਹਾਈਕੋਰਟ ਵਿਚ ਚਲ ਰਿਹਾ ਹੈ। ਇਸ ਕਰ ਕੇ ਉਹ ਜ਼ਿਆਦਾ ਕੁੱਝ ਨਹੀਂ ਕਰ ਸਕਦੇ ਹਨ।