ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਥਾਪਿਆ ਪੰਜਾਬ ਯੂਨਿਟ ਦਾ ਇੰਚਾਰਜ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜਰਨੈਲ ਸਿੰਘ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕੀਤਾ ਧੰਨਵਾਦ

File photo

ਨਵੀਂ ਦਿੱਲੀ :  ਆਮ ਆਦਮੀ ਪਾਰਟੀ ਨੇ ਅਪਣੇ ਪੰਜਾਬ ਯੂਨਿਟ ਦੇ ਇੰਚਾਰਜ ਦਾ ਤਬਾਦਲਾ ਕਰ ਦਿਤਾ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਮਨੀਸ਼ ਸਿਸੋਦੀਆਂ ਦੀ ਥਾਂ ਦਿੱਲੀ ਦੇ ਐਮ.ਐਲ.ਏ. ਜਰਨੈਲ ਸਿੰਘ ਨੂੰ ਪੰਜਾਬ ਯੂਨਿਟ ਦਾ ਇੰਚਾਰਜ ਥਾਪ ਦਿਤਾ ਹੈ।

ਜਰਨੈਲ ਸਿੰਘ ਦੀ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਅਗਾਮੀ ਤਿਆਰੀਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਇਕ ਸਿੱਖ ਆਗੂ ਹੱਥ ਸੌਂਪ ਕੇ ਅਪਣੇ ਭਵਿੱਖੀ ਮਨਸੂਬਿਆਂ ਦਾ ਖਾਕਾ ਵੀ ਜੱਗ ਜਾਹਰ ਕਰ ਦਿਤਾ ਹੈ।

ਦੱਸ ਦਈਏ ਕਿ ਜਰਨੈਲ ਸਿੰਘ ਤਿਲਕ ਨਗਰ ਹਲਕੇ ਤੋਂ ਐਮਐਮਏ ਹਨ। ਉਹ ਦਿੱਲੀ ਆਪ ਦੇ ਮੀਤ ਪ੍ਰਧਾਨ ਤੋਂ ਇਲਾਵਾ ਆਪ ਓਵਰਸੀਜ਼ ਦੇ ਕੋ-ਕਨਵੀਨਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ।

ਅਪਣੀ ਨਿਯੁਕਤੀ ਉਪਰੰਤ ਜਰਨੈਲ ਸਿੰਘ ਨੇ ਟਵੀਟ ਜ਼ਰੀਏ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।  

ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 'ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਖ਼ਾਸ ਜ਼ਿੰਮੇਵਾਰੀ ਦੇਣ ਲਈ ਧੰਨਵਾਦ। ਵਾਅਦਾ ਕਰਦਾ ਹਾਂ ਇਸ ਵਿਸ਼ਵਾਸ ਨੂੰ ਕਾਇਮ ਰੱਖਾਂਗਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਨਵੇਂ ਪੰਜਾਬ ਦੇ ਸੁਪਨੇ ਨੂੰ ਸੱਚ ਕਰਨ ਵਾਸਤੇ ਦਿਨ ਰਾਤ ਤਤਪਰ ਰਹਾਂਗਾ।''