ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲ੍ਹਵਾਏ
ਗੁਰਦਵਾਰਾ ਸਾਹਿਬ 'ਹਾਅ ਦਾ ਨਾਹਰਾ' ਨੇ ਫਿਰ ਰਚਿਆ ਇਤਿਹਾਸ
ਮਾਲੇਰਕੋਟਲਾ : 'ਹਾਅ ਦੇ ਨਾਅਰੇ' ਦੇ ਨਾਂ ਲਈ ਜਾਣੀ ਜਾਂਦੀ ਮਲੇਰਕੋਟਲਾ ਦੀ ਤਹਿਜੀਬ ਪੂਰੀ ਦੁਨੀਆਂ ਲਈ ਚਾਨਣ ਮੁਨਾਰਾ ਹੈ। ਇਹ ਸ਼ਹਿਰ ਜਿਥੇ ਹਮੇਸ਼ ਹੀ ਆਪਸੀ ਭਾਈਚਾਰੇ ਦੀ ਮਿਸਾਲ ਤੇ ਗੰਗਾ-ਜਮਨਾ ਤਹਜੀਬ ਦੇਖਣ ਨੂੰ ਮਿਲਦੀ ਰਹਿੰਦੀ ਹੈ ਅਤੇ ਅਜਿਹਾ ਹੀ ਇਕ ਵਾਰ ਫਿਰ ਇਸ ਰਮਜ਼ਾਨ ਉਲਮੁਬਾਰਕ ਦੇ ਪਵਿੱਤਰ ਮਹਿਨੇ 'ਚ ਅਜਿਹਾ ਹੀ ਦੇਖਣ ਨੂੰ ਉਦੋਂ ਮਿਲਿਆ ਜਦੋਂ ਗੁਰਦਵਾਰਾ ਸਾਹਿਬ ਹਾਅ-ਦਾ-ਨਾਅਰਾ ਵਿਖੇ ਸਿੱਖ ਭਾਈਚਾਰੇ ਵਲੋਂ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲ੍ਹਵਾਏ ਗਏ, ਜਿਥੇ ਸਾਰੇ ਹੀ ਧਰਮਾਂ ਦੇ ਲੋਕ ਮੌਜੂਦ ਸਨ।
ਇਸ ਮੌਕੇ ਸੱਭ ਤੋਂ ਵੱਡੀ ਗੱਲ ਜੋ ਵੇਖਣ ਨੂੰ ਮਿਲੀ ਉਹ ਇਹ ਸੀ ਕਿ ਮੁਸਲਿਮ ਭਾਈਚਾਰੇ ਵਲੋਂ ਗੁਰਦਵਾਰਾ ਸਾਹਿਬ ਵਿਖੇ ਰੋਜ਼ਾ ਖੋਲ੍ਹਣ ਤੋਂ ਬਾਅਦ ਅਜ਼ਾਨ ਦੇ ਕੇ ਨਮਾਜ਼ ਵੀ ਅਦਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਲੇਰਕੋਟਲਾ ਦੇ ਐਸ.ਪੀ. ਮਨਜੀਤ ਸਿੰਘ ਬਰਾੜ ਅਤੇ ਕੇ.ਐਸ. ਕੰਬਾਈਨ ਦੇ ਮਾਲਕ ਸ੍ਰੀ ਇੰਦਰਜੀਤ ਸਿੰਘ ਹਾਜ਼ਰ ਸਨ।
ਮਲੇਰਕੋਟਲਾ ਦਾ ਗੁਰਦਵਾਰਾ ਸਾਹਿਬ ਹਾਅ-ਦਾ ਨਾਅਰਾ, ਜਿਨ੍ਹਾਂ ਦਾ ਨਾਂ ਮਲੇਰਕੋਟਲਾ ਰਿਆਸਤ ਦੇ ਮਰਹੂਮ ਨਵਾਬ ਰਹੇ ਸ਼ੇਰ ਮੁਹੰੰਮਦ ਖ਼ਾਂ ਦੇ ਉਸ ਹਾਅ-ਦਾ-ਨਾਅਰਾ ਦੀ ਯਾਦਗਾਰ 'ਤੇ ਬਣਿਆ ਹੋਇਆ ਇਹ ਗੁਰਦਵਾਰਾ ਸਹਿਬ ਅੱਜ ਫਿਰ ਹੋਰ ਇਤਿਹਾਸਕ ਬਣ ਗਿਆ ਜਦੋਂ ਇਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਤੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਅਫ਼ਤਾਰੀ ਲਈ ਸਮੂਲ਼ੀਅਤ ਕੀਤੀ।
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਸਰਹਿੰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸ਼ਹਿਬਜਾਦਿਆਂ ਦੇ ਹੱਕ ਵਿਚ ਹਾਅ-ਦਾ-ਨਆਰਾ ਉਦੋਂ ਮਾਰਿਆ ਸੀ ਜਦੋਂ ਉਨ੍ਹਾਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਨੀਹਾਂ ਵਿਚ ਚਿਣਵਾਉਣ ਦਾ ਹੁਕਮ ਦਿਤਾ ਗਿਆ ਸੀ। ਜਿਸ ਤੋਂ ਬਾਅਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਨਾਂ ਸਿੱਖ ਇਤਿਹਾਸ 'ਚ ਸੁਨੇਹਰੇ ਅੱਖਰਾਂ ਵਿਚ ਦਰਜ ਕੀਤਾ ਗਿਆ ਸੀ ਜਿਸ ਦੇ ਨਾਂ 'ਤੇ ਬਣੇ ਗੁਰੁ ਘਰ ਵਿਚ ਅੱਜ ਇਫ਼ਤਾਰ ਭਾਵ ਰੋਜ਼ੇ ਖੁਲਵਾਏ ਗਏ ਹਨ ਜਿਸ ਤੋਂ ਬਆਦ ਅਜ਼ਾਨ ਦੇ ਕੇ ਨਮਾਜ਼ ਵੀ ਅਦਾ ਕੀਤੀ ਗਈ ਹੈ।
ਇਸ ਮੌਕੇ ਉਥੇ ਸਾਰੇ ਹੀ ਧਰਮਾਂ ਦੇ ਲੋਕ ਮੌਜੂਦ ਸਨ। ਇਸ ਮੌਕੇ ਸ਼ਾਮਲ ਹੋਏ ਮੁਸਲਿਮ ਭਾਈਚਾਰੇ ਨੇ ਬੇਹਦ ਖ਼ੁਸ਼ੀ ਜਾਹਰ ਕੀਤੀ ਤੇ ਕਿਹਾ ਕਿ ਮਲੇਰਕੋਟਲਾ ਸ਼ਹਿਰ ਹਮੇਸ਼ ਹੀ ਆਪਸੀ ਭਾਈਚਾਰੇ ਦੀ ਮਿਸਾਲ ਹੈ, ਜਿਥੇ ਹਰ ਧਰਮ ਦੇ ਲੋਕ ਇਸ ਦੂਜੇ ਦੇ ਧਾਰਮਕ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਹਨ। ਇਸ ਮੌਕੇ ਸਿੱਖ ਭਾਈਚਾਰੇ ਵਲੋਂ ਮੁੱਖ ਗ੍ਰੰਥੀ ਭਾਈ ਜੀ ਨਰਿੰਦਰਪਾਲ ਸਿੰਘ ਨਾਨੂੰ, ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਐਡਵੋਕੇਟ ਗੁਰਮੁਖ ਸਿੰਘ ਟਿਵਾਣਾ,
ਕੁਲਵੰਤ ਸਿੰਘ ਖਜ਼ਾਨਚੀ, ਡਾ. ਹਰਮੇਲ ਸਿੰਘ, ਨਾਮਧਾਰੀ ਸੇਵਕ ਸਿੰਘ ਆਦਿ ਨੇ ਖ਼ੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਥੇ ਆ ਕੇ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਵੇਂ ਬਣੇ ਹਾਲ 'ਚ ਅੱਜ ਪਹਿਲਾਂ ਸਮਾਗਮ ਇਫ਼ਤਾਰੀ ਅਤੇ ਉਸ ਤੋਂ ਬਾਦ ਨਮਾਜ਼ ਅਦਾ ਕਰ ਕੇ ਕੀਤੀ ਗਈ ਦੂਆ ਨੇ ਇਸ ਨੂੰ ਹੋਰ ਪਵਿੱਤਰ ਬਣਾ ਦਿਤਾ ਹੈ।