ਹਾਅ ਦਾ ਨਾਹਰਾ ਮਾਰਨ ਲਈ ਭਾਰਤੀ ਹਿੰਦੂਆਂ ਦੀ ਸ਼ਲਾਘਾ ਪਰ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ 'ਚ ਸਿੱਖਾਂ 'ਤੇ ਢਾਹੇ ਜਾ ਰਹੇ ਧਾਰਮਕ ਅਸਥਾਨਾਂ ਬਾਰੇ ਚੁੱਪੀ ਵੱਟਣ 'ਤੇ ਸਵਾਲ ਉਠਣੇ ਸ਼ੁਰੂ

Photo

ਕੇਂਦਰ ਸਰਕਾਰ ਨਨਕਾਣਾ ਸਾਹਿਬ ਦੀ ਘਟਨਾ ਤੇ ਰਾਜਨੀਤੀ ਕਰਨ ਦੀ ਬਜਾਏ ਪਾਕਿ ਨਾਲ ਰਾਬਤਾ ਕਰ ਮਸਲਾ ਹੱਲ ਕਰਵਾਏ- ਪੰਜਾਬ ਕਾਂਗਰਸ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਗੁਆਂਢੀ ਮੁਲਕ ਪਾਕਿਸਤਾਨ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਸਿੱਖਾਂ ਵਿਰੁਧ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਚੁਫ਼ੇਰਿਉਂ ਪਾਕਿਸਤਾਨ ਦੀ ਨਿੰਦਿਆ ਹੋ ਰਹੀ ਹੈ।

ਏਨਾ ਹੀ ਨਹੀਂ ਪਾਕਿਸਤਾਨ ਵਿਚ ਵੀ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਆਗੂ ਸਿੱਖਾਂ ਨਾਲ ਆਣ ਖਲੋਤੇ ਹਨ। ਭਾਰਤ ਵਿਚ ਵੱਖ-ਵੱਖ ਭਾਈਚਾਰਿਆਂ ਦੇ ਨਾਲ ਨਾਲ ਬਹੁਗਿਣਤੀ ਹਿੰਦੂ ਭਾਈਚਾਰੇ ਵਲੋਂ ਵੀ ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਦੀ ਕਰੜੀ ਆਲੋਚਨਾ ਅਤੇ ਸਿੱਖਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਿਆ ਜਾ ਰਿਹਾ ਹੈ। ਪਰ ਭਾਰਤੀ ਬਹੁਗਿਣਤੀ ਭਾਈਚਾਰੇ ਦੀ ਇਸ ਹਮਦਰਦੀ ਵਿਚ ਕਿਤੇ ਨਾ ਕਿਤੇ ਗੰਧਲੀ ਸਿਆਸਤ ਦੀ ਬੋਅ ਵੀ ਆਉਣ ਲੱਗ ਪਈ ਹੈ।

ਕਿਉਂਕਿ ਜ਼ਿਆਦਾਤਰ ਹਿੰਦੂ ਵੀਰ ਭਗਵੇਂ ਕਰਨ ਦੀ ਸਿਆਸਤ ਕਰਦੇ ਨਜ਼ਰ ਆ ਰਹੇ ਹਨ। ਭਾਰਤ ਵਿਚ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ ਦੀ ਹੋ ਰਹੀ ਵਿਆਪਕ ਨਿੰਦਿਆ ਤੋਂ ਸਤੇ ਬਹੁਗਿਣਤੀ ਭਾਈਚਾਰੇ ਨੇ ਇਸ ਘਟਨਾਕ੍ਰਮ ਨੂੰ ਭਾਰਤ ਵਿਚ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਦੇ ਹੱਕ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਵਿਰੋਧ ਵਿਚ ਵਰਤਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿਤੀ ਹੈ।

ਜ਼ਿਆਦਾਤਰ ਸਿੱਖ ਚਿੰਤਕ ਕਹਿ ਰਹੇ ਹਨ ਕਿ ਇਕ ਪਾਸੇ ਜਿਥੇ ਪਾਕਿਸਤਾਨ ਸਰਕਾਰ ਨੇ ਨਾ ਸਿਰਫ ਇਸ ਸਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੈ, ਨਾਲ ਹੀ ਜਿਉਂ ਹੀ ਨਨਕਾਣਾ ਸਾਹਿਬ ਵਿਚ ਮਾਹੌਲ ਹਿੰਸਕ ਹੋਣ ਲੱਗਾ ਤਾਂ ਪਾਕਿਸਤਾਨ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਮੁਸਲਿਮ ਆਗੂ ਡਟ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕ ਵਿਚ ਆਣ ਖੜੇ ਹੋਏ।

ਦੂਜੇ ਪਾਸੇ ਭਾਰਤ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਗਨਨਾਥਪੁਰੀ ਵਿਖੇ ਮੰਗੂ ਮੱਠ ਸ਼ਰੇਆਮ ਢਾਹ ਦਿਤਾ ਗਿਆ ਹੈ। ਮੱਧ ਪ੍ਰਦੇਸ਼ ਵਿਚ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਨੇ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁਧ ਹੀ ਪੁਲਿਸ ਕੇਸ ਦਰਜ ਕਰ ਦਿਤੇ ਹਨ ਤੇ ਕੁਰਕਸ਼ੇਤਰ ਦਾ ਬਾਬੇ ਨਾਨਕ ਨਾਲ ਸਬੰਧਤ ਗੁਰਦਵਾਰਾ ਜ਼ਬਰਦਸਤੀ ਖੋਹ ਲਿਆ ਗਿਆ ਹੈ।

ਕੇਂਦਰ ਸਰਕਾਰ ਰਾਜਨੀਤੀ ਛੱਡ ਕੇ ਪਾਕਿਸਤਾਨ ਸਰਕਾਰ ਕੋਲ ਮੱਦਾ ਚੁੱਕੇ : ਜਾਖੜ
ਇਸੇ ਪ੍ਰਸੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਨਨਕਾਣਾ ਸਾਹਿਬ ਦੀ ਘਟਨਾ 'ਤੇ ਰਾਜਨੀਤੀ ਕਰਨ ਤੋਂ ਵਰਜਦਿਆਂ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਰਕੇ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੋਂ ਤੁਰਤ ਕਾਰਵਾਈ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਵੀ ਤੁਰਤ ਪਾਕਿਸਤਾਨੀ ਸਰਕਾਰ ਕੋਲ ਇਹ ਮੁੱਦਾ ਪ੍ਰਭਾਵੀ ਤਰੀਕੇ ਨਾਲ ਚੁੱਕੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਤੇ ਰਾਜਨੀਤੀ ਕਰਨੀ ਬੰਦ ਕਰੇ।

ਜਾਖੜ ਨੇ ਆਖਿਆ ਕਿ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੇ ਰਾਜਨੀਤੀ ਕਰਕੇ ਕੇਂਦਰ ਸਰਕਾਰ ਅਪਣੇ ਕਾਲੇ ਕਾਨੂੰਨ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਸਮੂਹ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇਸ ਨਾਲ ਜੁੜੀ ਇਸ ਮੰਦਭਾਗੀ ਘਟਨਾ ਤੇ ਸਿਆਸਤ ਕਰਨਾ ਭਾਜਪਾ ਦੀ ਨੀਵੀਂ ਸੋਚ ਦਾ ਪ੍ਰਤੀਕ ਹੈ।

ਉਧਰ ਦੂਜੇ ਪਾਸੇ ਸਿੱਖ ਭਾਈਚਾਰਾ ਵੀ ਬਹੁਗਿਣਤੀ ਹਿੰਦੂ ਭਾਈਚਾਰੇ ਨਾਲ ਇਨੀਂ ਦਿਨੀਂ ਸਵਾਲੀਆ ਨਜ਼ਰਾਂ ਨਾਲ ਤੱਕਦਾ ਪ੍ਰਤੀਤ ਹੋ ਰਿਹਾ ਹੈ ਕਿ ਭਾਰਤ ਵਿਚ ਸਿੱਖਾਂ ਨਾਲ ਵਧੀਕੀਆਂ ਹੋਣ ਤੇ, ਧਾਰਮਕ ਸਥਾਨ ਢਾਹੇ ਜਾਣ ਉੱਤੇ ਕਦੇ ਬਹੁਗਿਣਤੀ ਭਾਈਚਾਰੇ ਨੇ ਹਮਦਰਦੀ ਦਾ ਇਕ ਬੋਲ ਤਕ ਨਹੀਂ ਬੋਲਿਆ।