ਜਲੰਧਰ ’ਚ ਆਏ Corona ਦੇ 6 ਨਵੇਂ ਕੇਸ, ਕੁੱਲ ਗਿਣਤੀ 220
ਤਾਜ਼ਾ ਕੇਸਾਂ 'ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ 'ਚ ਪੌਜ਼ੇਟਿਵ ਆਏ ਇਕ...
ਜਲੰਧਰ: ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਸਵੇਰੇ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2074 ਹੋ ਗਈ ਹੈ। ਜਲੰਧਰ 'ਚ ਸੋਮਵਾਰ ਕੋਰੋਨਾ ਵਾਇਰਸ ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਸ਼ਹਿਰ 'ਚ ਕੁੱਲ ਪੌਜ਼ੇਟਿਵ ਕੇਸ 220 ਹੋ ਗਏ ਹਨ।
ਤਾਜ਼ਾ ਕੇਸਾਂ 'ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ 'ਚ ਪੌਜ਼ੇਟਿਵ ਆਏ ਇਕ ਮਰੀਜ਼ ਦੇ ਸੰਪਰਕ 'ਚ ਆਏ ਸਨ। ਇਨ੍ਹਾਂ 'ਚੋਂ ਇਕ ਕੇਸ ਗੁਰੂ ਅਮਰਦਾਸ ਨਗਰ ਦਾ ਹੈ। ਇਹ ਮਰੀਜ਼ ਸਾਹ ਲੈਣ 'ਚ ਦਿੱਕਤ ਆਉਣ 'ਤੇ ਹਸਪਤਾਲ 'ਚ ਜਾਂਚ ਕਰਵਾਉਣ ਆਇਆ ਸੀ। ਸ਼ਹਿਰ ਚ ਕੁੱਲ ਪੌਜ਼ੇਟਿਵ ਕੇਸਾਂ ਦਾ ਅੰਕੜਾ 220 ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਤੱਕ ਅੰਮ੍ਰਿਤਸਰ ਤੇ ਜਲੰਧਰ ਤੋਂ 6-6 ਅਤੇ ਤਰਨਤਾਰਨ ਤੇ ਕਪੂਰਥਲਾ ਤੋਂ 1-1 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2074 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ।
ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1898 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 136 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ਅਤੇ ਪੰਜਾਬ ਵਿੱਚ ਇਕ ਕੋਰੋਨਾ ਪੀੜਤ ਮਰੀਜ਼ ਦੀ ਹਾਲਤ ਨਾਜ਼ਕ ਹੈ। ਉੱਥੇ ਹੀ ਫਰੀਦਕੋਟ ਜ਼ਿਲ੍ਹਾ ਵਾਸੀਆਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅੱਜ 10 ਮਰੀਜ਼ਾਂ ਨੂੰ ਘਰਾਂ ਨੂੰ ਭੇਜ ਕੇ ਫਰੀਦਕੋਟ ਜ਼ਿਲ੍ਹਾ 'ਕੋਰੋਨਾ' ਮੁਕਤ ਹੋ ਗਿਆ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਪੀੜਤ 10 ਸ਼ਰਧਾਲੂਆਂ ਨੂੰ ਅੱਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚੋਂ ਛੁੱਟੀ ਮਿਲੀ ਹੈ। ਇਸ ਤੋਂ ਪਹਿਲਾਂ 52 ਮਰੀਜ਼ 'ਕੋਰੋਨਾ' ਨੂੰ ਮਾਤ ਦੇ ਕੇ ਘਰ ਪਰਤ ਚੁੱਕੇ ਹਨ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਫੁੱਲ ਅਤੇ ਗੁਟਕਾ ਸਾਹਿਬ ਭੇਂਟ ਕਰਕੇ ਮਰੀਜ਼ਾਂ ਨੂੰ ਘਰਾਂ ਲਈ ਵਿਦਾ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਗਰੂਰ, ਬਠਿੰਡਾ, ਮੋਗਾ ਅਤੇ ਫਤਿਹਗੜ੍ਹ ਸਾਹਿਬ ਵੀ 'ਕੋਰੋਨਾ' ਮੁਕਤ ਹੋ ਚੁੱਕੇ ਹਨ। ਪੰਜਾਬ ਭਰ 'ਚ ਕੋਰੋਨਾ ਵਾਇਸ ਦੇ 2020 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 1898 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ 'ਚ ਪਰਤ ਚੁੱਕੇ ਹਨ। ਡਾਕਟਰਾਂ ਵਲੋਂ ਘਰਾਂ 'ਚ ਪਰਤ ਰਹੇ ਲੋਕਾਂ ਨੂੰ ਫਿਲਹਾਲ ਕੁਝ ਦਿਨ ਘਰ 'ਚ ਹੀ ਕੁਆਰੰਟਾਈਨ ਰਹਿਣ ਲਈ ਆਖਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।