ਜਲੰਧਰ 'ਚ ਗਰਭਵਤੀ ਔਰਤਾਂ ਲਈ ਕੀਤੇ ਗਏ ਸੀ ਸੁਚੱਜੇ ਪ੍ਰਬੰਧ, ਦੋ ਮਹੀਨੇ 'ਚ ਜਨਮੇ 804 ਬੱਚੇ

ਏਜੰਸੀ

ਖ਼ਬਰਾਂ, ਪੰਜਾਬ

ਹਸਪਤਾਲਾਂ ਵਿੱਚ ਮੌਜੂਦ ਐਂਬੂਲੈਂਸਾਂ ਅਤੇ ਹੋਰ ਸਟਾਫ ਇਨ੍ਹਾਂ ਲਈ ...

Corona Virus Jalandhar lockdown

ਜਲੰਧਰ: ਕੋਰੋਨਾ ਵਾਇਰਸ ਕਰ ਕੇ ਪੰਜਾਬ ਵਿੱਚ ਲੱਗੇ ਕਰਫਿਊ ਅਤੇ ਲਾਕਡਾਊਨ ਦੇ ਹੁਣ ਤੱਕ ਦੋ ਮਹੀਨੇ ਪੂਰੇ ਹੋ ਚੁੱਕੇ ਹਨ। ਇਨ੍ਹਾਂ ਦੋ ਮਹੀਨੇ ਦੌਰਾਨ ਬਹੁਤ ਸਾਰੇ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ ਕਈਆਂ ਦੀ ਮੌਤ ਵੀ ਹੋਈ ਹੈ। ਪਰ ਇਸ ਦੇ ਦੂਸਰੇ ਪਾਸੇ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਨ੍ਹਾਂ ਦੋ ਮਹੀਨੇ ਦੌਰਾਨ ਹੀ ਉਹ ਖੁਸ਼ੀਆਂ ਪ੍ਰਾਪਤ ਹੋਈਆਂ ਹਨ ਜਿਸ ਦਾ ਹਰ ਮਾਂ ਬਾਪ ਨੂੰ ਇੰਤਜ਼ਾਰ ਰਹਿੰਦਾ ਹੈ।

ਜਲੰਧਰ ਵਿੱਚ ਇਨ੍ਹਾਂ ਦੋ ਮਹੀਨਿਆਂ ਦੌਰਾਨ 804 ਬੱਚਿਆਂ ਨੇ ਜਨਮ ਲਿਆ। ਜਲੰਧਰ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਮਾਂ ਬਣਨ ਦਾ ਸੁੱਖ ਪ੍ਰਾਪਤ ਕਰ ਚੁੱਕੀਆਂ ਇਹ ਮਾਵਾਂ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ। ਹੋਣ ਵੀ ਕਿਉਂ ਨਾ ਕਰਫ਼ਿਊ ਦੌਰਾਨ ਜਿੱਥੇ ਹਰ ਕੋਈ ਦਹਿਸ਼ਤ ਵਿਚ ਸੀ ਉੱਥੇ ਇਸੇ ਸਮੇਂ ਦੌਰਾਨ ਰੱਬ ਨੇ ਇਨ੍ਹਾਂ ਨੂੰ ਖੁਸ਼ੀਆਂ ਨਾਲ ਨਵਾਜ਼ਿਆ ਹੈ। ਕਰਫਿਊ ਦੌਰਾਨ ਪੰਜਾਬ ਵਿੱਚ ਗਰਭਵਤੀ ਔਰਤਾਂ ਨੂੰ ਹਸਪਤਾਲ ਆਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ।

ਹਸਪਤਾਲਾਂ ਵਿੱਚ ਮੌਜੂਦ ਐਂਬੂਲੈਂਸਾਂ ਅਤੇ ਹੋਰ ਸਟਾਫ ਇਨ੍ਹਾਂ ਲਈ 24 ਘੰਟੇ ਕੰਮ ਕਰ ਰਿਹਾ ਸੀ। ਹਾਲਾਂਕਿ ਇਸ ਦੌਰਾਨ ਦੂਰ ਦਰਾਜ ਅਤੇ ਪਿੰਡਾਂ ਤੋਂ ਸ਼ਹਿਰ ਆ ਕੇ ਆਪਣਾ ਇਲਾਜ ਕਰਾਉਣ ਵਾਲੀਆਂ ਇਨ੍ਹਾਂ ਗਰਭਵਤੀ ਔਰਤਾਂ ਨੂੰ ਥੋੜ੍ਹੀ ਪਰੇਸ਼ਾਨੀ ਤਾਂ ਹੋਈ ਪਰ ਬੱਸਾਂ ਅਤੇ ਆਟੋ ਦੇ ਬੰਦ ਹੋਣ ਤੋਂ ਬਾਅਦ ਇਨ੍ਹਾਂ ਨੇ ਆਪਣੇ ਨਿੱਜੀ ਵਾਹਨਾਂ ਤੇ ਸਫ਼ਰ ਕੀਤਾ। ਇਸ ਦੌਰਾਨ ਜਗ੍ਹਾ ਜਗ੍ਹਾ ਤੇ ਤੈਨਾਤ ਪੁਲਿਸ ਨੇ ਵੀ ਇਨ੍ਹਾਂ ਦੀ ਮਦਦ ਕੀਤੀ ਤਾਂਕਿ ਆਪਣੇ ਇਲਾਜ ਲਈ ਸ਼ਹਿਰ ਹਸਪਤਾਲਾਂ ਵਿੱਚ ਆਉਣ ਲਈ ਇਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਜਲੰਧਰ ਵਿੱਚ ਆਮ ਤੌਰ ਤੇ ਬਹੁਤ ਸਾਰੇ ਪਰਿਵਾਰ ਮਹਿਲਾਵਾਂ ਦੀ ਡਿਲੀਵਰੀ ਲਈ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਾਉਂਦੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਹਨਾਂ ਕੋਲੋਂ ਮੋਟੀ ਫੀਸ ਲਈ ਜਾਂਦੀ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕ ਅਤੇ ਸ਼ਹਿਰ ਦੇ ਨੇੜਲੇ ਇਲਾਕਿਆਂ ਦੇ ਲੋਕ ਤਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਗਏ ਹਨ ਪਰ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੇ ਇਸ ਕੰਮ ਲਈ ਸਿਵਲ ਹਸਪਤਾਲ ਦਾ ਰੁੱਖ ਕੀਤਾ।

ਪ੍ਰਾਈਵੇਟ ਹਸਪਤਾਲ ਦੇ ਡਾਕਟਰ ਬੀ ਐਸ ਜੌਹਲ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਦੇ ਹਸਪਤਾਲ ਵਿੱਚ ਇਸ ਦੌਰਾਨ ਬਹੁਤ ਸਾਰੀਆਂ ਡਿਲੀਵਰੀ ਕੀਤੀਆਂ ਗਈਆਂ ਪਰ ਫਿਰ ਵੀ ਪਿਛਲੇ ਸਮੇਂ ਦੀ ਤੁਲਨਾ ਵਿੱਚ ਇਨ੍ਹਾਂ ਦੋਨਾਂ ਮਹੀਨਿਆਂ ਦੌਰਾਨ ਉਨ੍ਹਾਂ ਦੇ ਹਸਪਤਾਲ ਵਿੱਚ ਅਜਿਹੇ ਮਾਮਲੇ ਕੁਝ ਘੱਟ ਆਏ ਕਿਉਂਕਿ ਦੂਰ ਦਰਾਜ ਦੇ ਲੋਕ ਅਤੇ ਪਿੰਡਾਂ ਦੇ ਲੋਕ ਸਾਦਾ ਸਿਵਲ ਹਸਪਤਾਲ ਇਲਾਜ ਲਈ ਪਹੁੰਚੇ।

ਉਧਰ ਇਸ ਮਾਮਲੇ ਵਿੱਚ ਸਿਵਲ ਹਾਸਪੀਟਲ ਦੀ ਗਾਇਨੀ ਵਾਰਡ ਦੀ ਐਸਐਮਓ ਕੁਲਵਿੰਦਰ ਕੌਰ ਨੇ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਪਿਛਲੇ ਦੋ ਮਹੀਨਿਆਂ ਵਿੱਚ ਸਿਵਲ ਹਸਪਤਾਲ ਵਿੱਚ ਕੁੱਲ 804 ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿੱਚੋਂ 268 ਬੱਚਿਆਂ ਦਾ ਜਨਮ ਆਪ੍ਰੇਸ਼ਨ ਨਾਲ ਹੋਇਆ। ਕੁਲਵਿੰਦਰ ਕੌਰ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਵਿੱਚ ਕਰਫਿਊ ਅਤੇ ਲਾਅ ਬਣਾਉਣ ਦੌਰਾਨ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ, ਉਹਨਾਂ ਦੀ ਗਿਣਤੀ ਪੂਰੇ ਸਾਲ ਵਿੱਚ ਬਾਕੀ ਮਹੀਨਿਆਂ ਜਿੰਨੀ ਹੀ ਹੈ।

ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸੀ। ਇਨ੍ਹਾਂ ਔਰਤਾਂ ਨੂੰ ਹਸਪਤਾਲ ਲਿਆਉਣ ਲਈ 108 ਐਂਬੂਲੈਂਸ ਹੋਰ ਪ੍ਰਾਈਵੇਟ ਐਂਬੂਲੈਂਸ ਅਤੇ ਬਾਕੀ ਸਾਧਨਾਂ ਦਾ ਪ੍ਰਯੋਗ ਕੀਤਾ ਗਿਆ ਤਾਂ ਕਿ ਕਿਸੇ ਵੀ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਣ ਵਿੱਚ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ।

ਇਸ ਦੇ ਨਾਲ ਹੀ ਹਸਪਤਾਲ ਦਾ ਸਟਾਫ ਵੀ ਪੂਰੀ ਤਰ੍ਹਾਂ ਕੋਰੋਨਾ ਨੂੰ ਭੁੱਲਦੇ ਹੋਏ ਇਸ ਕੰਮ ਵਿੱਚ ਦਿਨ ਰਾਤ ਜੁਟਿਆ ਰਿਹਾ ਤਾਂ ਕਿ ਕਿਸੇ ਵੀ ਮਾਂ ਜਾਂ ਉਸ ਦੇ ਬੱਚੇ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਿਲਹਾਲ ਕੋਰੋਨਾ ਕਰ ਕੇ ਜਿੱਥੇ ਪੂਰੀ ਦੁਨੀਆਂ ਦਹਿਸ਼ਤ ਵਿੱਚ ਹੈ ਉੱਥੇ ਇਨ੍ਹਾਂ ਪਰਿਵਾਰਾਂ ਦੇ ਵਿੱਚ ਆਈ ਖੁਸ਼ੀ ਸ਼ਾਇਦ ਕੋਰੋਨਾ ਦੀ ਦਹਿਸ਼ਤ ਨਾਲੋਂ ਕਿਤੇ ਵੱਡੀ ਹੈ ਅਤੇ ਇਹ ਲੋਕ ਕਦੀ ਨਹੀਂ ਭੁੱਲਣਗੇ ਕਿ ਜਿਸ ਸਮੇਂ ਕੋਰੋਨਾ ਕਰ ਕੇ ਦੁਨੀਆ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਸੀ। ਉਸ ਵੇਲੇ ਰੱਬ ਨੇ ਇਨ੍ਹਾਂ ਨੂੰ ਸੰਤਾਨ ਨਾਲ ਨਵਾਜ਼ਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।