99 ਸਾਲਾ ਸੇਵਾਮੁਕਤ ਫੌਜੀ ਨੇ ਕੋਰੋਨਾ ਰਾਹਤ ਕਾਰਜਾਂ ਲਈ ਫੌਜ ਨੂੰ ਦਾਨ ਕੀਤੇ ਇਕ ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਫ਼ੌਜ ਦੇ ਜਵਾਨ ਦੇਸ਼ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ।

99-year-old Army veteran donates Rs 1 lakh for Covid-19 relief work

ਜਲੰਧਰ (ਨਿਸ਼ਾ ਸ਼ਰਮਾ): ਭਾਰਤੀ ਫ਼ੌਜ ਦੇ ਜਵਾਨ ਦੇਸ਼ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਫੌਜੀ ਜਵਾਨਾਂ ਅਤੇ ਅਫਸਰਾਂ ਦਾ ਇਹ ਜਜ਼ਬਾ ਸਿਰਫ਼ ਨੌਕਰੀ ਦੌਰਾਨ ਹੀ ਨਹੀਂ ਬਲਕਿ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ  ਇਸੇ ਤਰ੍ਹਾਂ ਕਾਇਮ ਰਹਿੰਦਾ ਹੈ। ਅਜਿਹਾ ਇਕ ਉਦਾਹਰਣ ਜਲੰਧਰ ਵਿਚ ਦੇਖਣ ਨੂੰ ਮਿਲਿਆ।

ਦਰਅਸਲ ਇੱਥੇ ਭਾਰਤੀ ਫੌਜ ਤੋਂ 1956 ਵਿਚ ਬਤੌਰ ਲਾਂਸ ਨਾਇਕ ਰਿਟਾਇਰ ਹੋਏ ਕੇਸ਼ਵ ਲਾਲ ਵਰਮਾ (99) ਨੇ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਰਿਟਾਇਰ ਹੋਏ ਲੋਕਾਂ ਲਈ ਕੋਰੋਨਾ ਦੀ ਲੜਾਈ ਦੌਰਾਨ ਅਪਣੇ ਕੋਲੋਂ ਇੱਕ ਲੱਖ ਰੁਪਏ ਫੌਜ ਨੂੰ ਦਿੱਤੇ। ਕੇਸ਼ਵ ਲਾਲ ਦਾ ਜਨਮ 1922 ਵਿਚ ਹੋਇਆ ਸੀ ਅਤੇ ਉਹ ਭਾਰਤੀ ਫ਼ੌਜ ਤੋਂ 1956 ਵਿਚ ਰਿਟਾਇਰ ਹੋਏ ਸੀ।

ਕੇਸ਼ਵ ਲਾਲ ਵਰਮਾ 99 ਸਾਲ ਦੇ ਹੋ ਚੁੱਕੇ ਹਨ ਤੇ ਇਸ ਉਮਰ ਵਿਚ ਵੀ ਭਾਰਤੀ ਫੌਜ ਲਈ ਉਹਨਾਂ ਦਾ ਜਜ਼ਬਾ ਕਾਇਮ ਹੈ। ਇਹੀ ਕਾਰਨ ਹੈ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਉਹਨਾਂ ਨੇ ਬੀਤੇ ਦਿਨੀਂ ਜਲੰਧਰ ਛਾਉਣੀ ਵਿਖੇ ਸਟੇਸ਼ਨ ਹੈੱਡਕੁਆਰਟਰ ਵਿਚ ਭਾਰਤੀ ਫ਼ੌਜ ਦੇ ਅਫ਼ਸਰ ਬ੍ਰਿਗੇਡੀਅਰ ਐਚਐਸ ਸੋਹੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਤਾਂ ਕਿ ਭਾਰਤੀ ਫ਼ੌਜ ਵੱਲੋਂ ਕਵਿੱਡ ਵਿਰੁੱਧ ਜਾਰੀ ਜੰਗ ਵਿੱਚ ਇਹ ਪੈਸਾ ਕੰਮ ਆ ਸਕੇ।

ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਨੂੰਹ, ਪੋਤੀ ਅਤੇ ਦੋ ਪੋਤੇ ਮੌਜੂਦ ਹਨ।  ਉਹਨਾਂ ਦੇ ਬੇਟੇ ਦੀ 2011 ਮੌਤ ਹੋ ਚੁੱਕੀ। ਉਹਨਾਂ ਦੱਸਿਆ ਕਿ ਉਹ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਸਿਰਫ ਪੰਦਰਾਂ ਰੁਪਏ ਪੈਨਸ਼ਨ ਵਿਚ ਗੁਜ਼ਾਰਾ ਕਰਦੇ ਸਨ ਪਰ ਅੱਜ ਉਹਨਾਂ ਦੀ ਪੈਨਸ਼ਨ ਤੀਹ ਹਜ਼ਾਰ ਰੁਪਏ ਤੋਂ ਉੱਪਰ ਹੋ ਗਈ ਹੈ ਅਤੇ ਉਹ ਲਗਾਤਾਰ ਮਨੁੱਖਤਾ ਦੀ ਸੇਵਾ ਵਿਚ ਲੱਗੇ ਹੋਏ ਹਨ। ਕੇਸ਼ਵ ਲਾਲ ਵਰਮਾ ਵੱਲੋਂ ਫੌਜ ਨੂੰ ਦਿੱਤੀ ਗਈ ਮਦਦ ਤੋਂ ਬਾਅਦ ਜਲੰਧਰ ਛਾਉਣੀ ਦੇ ਫੌਜੀ ਅਫਸਰ ਕੇਸ਼ਵ ਲਾਲ ਵਰਮਾ ਦੇ ਘਰ ਪਹੁੰਚੇ ਅਤੇ ਉਹਨਾਂ ਦਾ ਧੰਨਵਾਦ ਕੀਤਾ।