ਸੋਸ਼ਲ ਮੀਡੀਆ ਰਾਹੀਂ ਨਿਵੇਕਲੀ ਪੱਤਰਕਾਰੀ ਕਰਨ ਵਾਲਾ ਗੁਰਪ੍ਰੀਤ ਕੋਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੋਫੈਸਰ ਤੋਂ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲਾ ਗੁਰਪ੍ਰੀਤ ਕੋਟਲੀ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।

Gurpreet Kotli

ਬਠਿੰਡਾ: ਜਿਸ ਸਮੇਂ ਸਾਡੇ ਦੇਸ਼ ਵਿਚ ਲੋਕਤੰਤਰ ਦੇ ਚੌਥੇ ਥੰਮ ਸਮਝੇ ਜਾਣ ਵਾਲੇ ਮੀਡੀਆ ਨੂੰ ਲੋਕ ਵਿਕਾਊ ਮੀਡੀਆ, ਗੋਦੀ ਮੀਡੀਆ ਤੇ ਹੋਰ ਵੱਖ ਵੱਖ ਨਾਵਾਂ ਨਾਲ ਪੇਸ਼ ਕਰ ਰਹੇ ਸਨ ਉਸ ਸਮੇਂ ਆਪਣੀ ਨਿੱਜੀ ਜਿੰਦਗੀ ਨੂੰ ਤਿਆਗ ਕੇ ਪ੍ਰੋਫੈਸਰ ਤੋਂ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲਾ ਗੁਰਪ੍ਰੀਤ ਕੋਟਲੀ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ । ਬੇਸ਼ੱਕ ਉਹ ਸ਼ੁਰੂ ਤੋਂ ਹੀ ਸਮਾਜ ਭਲਾਈ ਸਰਗਰਮੀਆਂ ਵਿਚ ਸਰਗਰਮ ਸੀ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਪੇਂਡੂ ਪੱਧਰ ਤੇ ਬਣਾਈ ਗਈ ਐਂਟੀ ਡਰੱਗ ਕਮੇਟੀ ਦਾ ਵੀ ਸਰਗਰਮ ਮੈਂਬਰ ਸੀ ਪਰ ਕਿਸਾਨੀ ਅੰਦੋਲਨ ਵਿਚ ਉਸ ਦੁਆਰਾ ਪੱਤਰਕਾਰੀ ਦੇ ਖੇਤਰ ਵਿਚ ਨਿਰਸਵਾਰਥ ਹੋ ਕੇ ਜੋ ਭੂਮਿਕਾ ਨਿਭਾਈ ਗਈ ਉਹ ਸ਼ਲਾਘਾਯੋਗ ਹੈ ।

ਜੇਕਰ ਗੁਰਪ੍ਰੀਤ ਕੋਟਲੀ ਦੀ ਨਿੱਜੀ ਜ਼ਿੰਦਗੀ 'ਤੇ ਝਾਤ ਮਾਰੀਏ ਤਾਂ ਉਸ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਚ 20 ਜੁਲਾਈ 1988 ਨੂੰ ਹੋਇਆ । ਉਸ ਨੇ ਆਪਣੀ ਮੁੱਢਲੀ ਪੜਾਈ ਭੂੰਦੜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹਾਸਿਲ ਕੀਤੀ । ਇਸ ਤੋਂ ਅਗਲੀ ਪੜਾਈ ਪਿੰਡ ਮਹਿਮਾ ਸਰਜਾ ਦੇ ਦਸਮੇਸ਼ ਪਬਲਿਕ ਸਕੂਲ ਵਿੱਚ ਕਰਨ ਤੋਂ ਬਾਅਦ ਪਿੰਡ ਕੋਟਲੀ ਅਬਲੂ ਦੇ ਸਰਕਾਰੀ ਸਕੂਲ 'ਚੋ ਮ੍ਰੈਟਿਕ ਅਤੇ ਸਰਕਾਰੀ ਬੁਆਏ ਸਕੂਲ ਗੋਨਿਆਣਾ ਤੋ 12ਵੀ  ਕੀਤੀ। ਗੁਰਪ੍ਰੀਤ ਨੇ ਉਚੇਰੀ ਵਿੱਦਿਆ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿਚ ਬੀ ਐਸ ਸੀ ਨਾਨ ਮੈਡੀਕਲ ਵਿਚ ਹਾਸਲ ਕੀਤੀ।

ਇਸ ਤੋਂ ਬਾਅਦ ਐਮ ਐਸ ਸੀ ਫਿਜਿਕਸ 2013 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਗੁਰਪ੍ਰੀਤ ਨੇ ਜੈਤੋਂ ਸਰਕਾਰੀ ਕਾਲਜ ਵਿਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਵੀ ਗੁਰਪ੍ਰੀਤ ਕੋਟਲੀ ਦੀ ਹੋਰ ਸਿੱਖਣ ਦੀ ਚੇਟਕ ਉਸ ਨੂੰ ਨੈੱਟ ਦੀ ਤਿਆਰੀ ਕਰਨ ਲਈ ਦਿੱਲੀ ਲੈ ਗਈ। ਉਹ 2017 ਵਿਚ ਰਾਜਨੀਤਕ ਪਿੜ ਵਿਚ ਕੁੱਦਿਆ ਅਤੇ ਉਹ ਅੰਨਾ ਹਜ਼ਾਰੇ ਅੰਦੋਲਨ ਤੋਂ ਬਣੀ ਨਵੀਂ ਵਿਚਾਰਧਾਰਾ ਨਾਲ ਬਣੀ ਆਮ ਆਦਮੀ ਪਾਰਟੀ ਵਲੰਟੀਅਰ ਵਜੋਂ ਗਿੱਦੜਬਾਹਾ ਹਲਕੇ ਤੋਂ ਸਰਗਰਮ ਹੋਇਆ ਤੇ ਆਪਣੀ ਮਿਹਨਤ ਨਾਲ ਉਹ ਥੋੜੇ ਸਮੇ ਵਿਚ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਵਿਚ ਆ ਖੜ੍ਹਾ ਹੋਇਆ ਬੇਸ਼ੱਕ ਕਿਸੇ ਕਾਰਨਾਂ ਕਰਕੇ ਉਸ ਨੂੰ ਟਿਕਟ ਨਹੀਂ ਮਿਲੀ ਪਰ ਉਸ ਨੇ ਪੂਰੇ ਤਨ ਮਨ ਨਾਲ ਦੂਸਰੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਚੋਣ ਸਭਾਵਾਂ ਕੀਤੀਆਂ।

ਗੁਰਪ੍ਰੀਤ ਕੋਟਲੀ ਦੇ ਸੰਘਰਸ਼ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਸਿਆਸਤ ਦੇ ਬਾਬਾ ਬੋਹੜ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਦਰਾਂ ਸਾਹਮਣੇ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਗਰਜਿਆ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਸਾਨ ਜਥੇਬੰਦੀਆਂ ਦੀਆਂ ਸਟੇਜਾਂ ਤੋਂ ਗੁਰਪ੍ਰੀਤ ਨੂੰ ਇਹ ਗੱਲ ਸਮਝ ਆ ਗਈ ਕਿ ਕਿਸ ਤਰ੍ਹਾਂ ਰਾਜਨੀਤਕ ਸਟੇਜਾਂ ਦੇ ਮੁਕਾਬਲੇ ਇੰਨਾਂ ਸਟੇਜਾਂ ਉੱਤੇ ਵਿਅਕਤੀ ਦੁਆਰਾ ਕੀਤੀ ਜਾਦੀ ਮਿਹਨਤ ਦਾ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਗੁਰਪ੍ਰੀਤ ਕੋਟਲੀ ਨੇ ਟੋਲ ਪਲਾਜ਼ਿਆਂ, ਪੈਟਰੋਲ ਪੰਪਾਂ ਤੇ ਰੇਲਵੇ ਲਾਈਨਾਂ ਤੇ ਲੱਗੇ ਧਰਨਿਆਂ ਉੱਤੇ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ।

ਉਸ ਨੇ ਖਨੌਰੀ ਬਾਰਡਰ ਤੋਂ ਲੈ ਕੇ ਸਿੰਘੂ, ਕੁੰਡਲੀ, ਟਿੱਕਰੀ ਬਾਡਰ 'ਤੇ ਜਾ ਕੇ ਠੰਢ, ਮੀਂਹ ਦੀ ਪਰਵਾਹ ਕੀਤੇ ਬਿਨਾਂ ਸਾਰਾ ਸਾਰਾ ਦਿਨ ਲਾਈਵ ਕਵਰੇਜ ਕਰਕੇ ਦੇਸ਼ਾਂ ਵਿਦੇਸ਼ਾਂ ਵਿਚ ਕਿਸਾਨੀ ਅੰਦੋਲਨ ਦਾ ਸਹੀ ਪੱਖ ਲੋਕਾਂ ਨੂੰ ਦਿਖਾਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਪ੍ਰੀਤ ਕਿਸੇ ਨਾਮੀ ਮੀਡੀਆ ਚੈੱਨਲ ਨਾਲ ਨਹੀਂ ਜੁੜਿਆ ਨਾਂ ਹੀ ਉਸ ਦੀ ਕੋਈ ਤਨਖਾਹ ਆਉਂਦੀ ਸੀ ਨਾ ਹੀ ਉਸ ਕੋਲ ਮਹਿੰਗੇ ਕੈਮਰੇ ਸਨ ਪਰ ਫਿਰ ਵੀ ਉਸ ਨੇ ਵਧੀਆ ਪੱਤਰਕਾਰੀ ਦੀ ਭੂਮਿਕਾ ਨਿਭਾਈ ਤੇ ਮੇਧਾ ਪਾਟਕਰ, ਰਾਕੇਸ਼ ਟਿਕੇਤ ਤੋਂ ਇਲਾਵਾ ਲਗਪਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਇੰਟਰਵਿਊ ਕੀਤੀਆਂ ਤੇ ਜਿਸ ਤਰ੍ਹਾਂ ਉਹ ਸਵਾਲ ਜਵਾਬ ਕਰਦਾ ਸੀ ਉਹ ਪੇਸ਼ੇਵਰ ਪੱਤਰਕਾਰਾਂ ਤੋਂ ਵੀ ਜਿਆਦਾ ਚੰਗੇ ਸਨ ਕਿਉਂਕਿ ਉਹ ਨਿਰਪੱਖ ਸੀ ਉਸ ਦੀ ਕਮਾਂਡ ਕਿਸੇ ਦੇ ਹੱਥ ਵਿਚ ਨਹੀਂ ਸੀ।

ਜੇਕਰ ਉਸ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇਕ ਪ੍ਰੋਫੈਸਰ ਵਜੋਂ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਪਰ ਸਮਾਜ ਲਈ ਕੁਝ ਕਰਨ ਦੀ ਚੇਟਕ ਉਸ ਨੂੰ ਇਸ ਖੇਤਰ ਵਿਚ ਲੈ ਆਈ। 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ ਉਸ ਨੂੰ ਬਹੁਤ ਅਪਸ਼ਬਦ ਬੋਲੇ ਗਏ ਉਸ ਨੂੰ ਪਿੱਛੇ ਹੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੇਡ ਪੱਤਰਕਾਰ ਕਿਹਾ ਗਿਆ ਤੇ ਉਸ ਨੂੰ ਵੱਖ ਵੱਖ ਵਿਚਾਰਧਾਰਾ ਨਾਲ ਜੋੜਿਆ ਗਿਆ ਪਰ ਉਸ ਨੇ ਆਪ ਸਭ ਅਣਗੋਲਿਆ ਕਰਕੇ ਆਪਣੇ ਖੇਤਰ ਵਿਚ ਸਰਗਰਮ ਰਿਹਾ। ਇਸ ਤੋਂ ਬਾਅਦ ਉਸ ਨੇ ਬਿਹਾਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਬੰਗਾਲ ਚੋਣਾਂ ਦੀ ਕਵਰੇਜ ਕੀਤੀ। ਉਹ ਅੱਜ ਵੀ ਕਿਸਾਨੀ ਅੰਦੋਲਨ ਵਿਚ ਸਰਗਰਮ ਹੈ। ਸਚਮੁੱਚ ਗੁਰਪ੍ਰੀਤ ਕੋਟਲੀ ਦੀ ਪੱਤਰਕਾਰੀ ਇਸ ਗੱਲ ਦੀ ਮਿਸਾਲ ਹੈ ਕਿ ਨਿਰਪੱਖ ਹੋ ਕੇ ਮਹਿੰਗੇ ਮਹਿੰਗੇ ਕੈਮਰਿਆਂ, ਮਹਿੰਗੀਆਂ ਡਰੈੱਸਾਂ ਅਤੇ ਬਿਨਾਂ ਕਿਸੇ ਚੈੱਨਲ ਤੋਂ ਵੀ ਇਸ ਖੇਤਰ ਵਿਚ ਬਹੁਤ ਕੁਝ ਕੀਤਾ ਜਾ ਸਕਦਾ।

ਕਮਲ ਬਰਾੜ
ਪਿੰਡ ਕੋਟਲੀ ਅਬਲੂ
73077 36899