ਖੰਨਾ ਵਿਖੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਤੀਜੇ ਨੌਜੁਆਨ ਦੀ ਵੀ ਇਲਾਜ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਦਿਨ ਪਹਿਲਾਂ ਵਾਪਰੇ ਹਾਦਸੇ ਦੌਰਾਨ 2 ਨੌਜੁਆਨਾਂ ਨੇ ਗਵਾਈ ਸੀ ਜਾਨ

Road accident at Khanna

 

ਖੰਨਾ: ਸਮਰਾਲਾ ਰੋਡ ’ਤੇ ਦੋ ਦਿਨ ਪਹਿਲਾਂ ਤੇਜ਼ ਰਫ਼ਤਾਰ ਕਾਰ ਨੇ ਤਿੰਨ ਨੌਜੁਆਨਾਂ ਨੂੰ ਦਰੜ ਦਿਤਾ ਸੀ। ਇਸ ਦੌਰਾਨ ਦੋ ਦੀ ਮੌਤ ਹੋ ਗਈ ਸੀ, ਜਦਕਿ ਤੀਜਾ ਨੌਜੁਆਨ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਹੁਣ ਹਾਦਸੇ ਦਾ ਸ਼ਿਕਾਰ ਹੋਏ ਤੀਜੇ ਨੌਜੁਆਨ ਦੀ ਵੀ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਲੰਡਨ ਜਾ ਰਹੀ ਮਹਿਲਾ ਦੇ ਏਅਰਪੋਰਟ ’ਤੇ ਲੋਡਰ ਨੇ ਚੋਰੀ ਕੀਤੇ ਸੋਨੇ ਦੇ ਕੰਗਣ, ਮੁਲਜ਼ਮ ਕਾਬੂ 

ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਤਰੁਨਦੀਪ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ’ਚ ਪੁਲਿਸ ਨੇ ਕਾਰ ਡਰਾਈਵਰ ਵਿਰੁਧ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ, ਉਥੇ ਹੀ ਹਾਦਸੇ ਮਗਰੋਂ ਮ੍ਰਿਤਕ ਦੇ ਪ੍ਰਵਾਰ ਨੂੰ ਧਮਕੀਆਂ ਦੇਣ ਵਾਲੇ ਕਾਰ ਚਾਲਕ ਦੇ ਚਾਰ ਸਾਥੀਆਂ ਵਿਰੁਧ ਵੀ ਮੁਕੱਦਮਾ ਦਰਜ ਕੀਤਾ ਹੈ।  

ਇਹ ਵੀ ਪੜ੍ਹੋ: ਦੁਨੀਆਂ ਦੇ ਅਮੀਰਾਂ ਦੀ ਦੌਲਤ ਘਟੀ, ਭਾਰਤੀ ਵਧੇ : ਬੇਜੋਸ ਨੂੰ ਇਕ ਦਿਨ 'ਚ 1.5 ਲੱਖ ਕਰੋੜ ਦਾ ਨੁਕਸਾਨ  

ਹਾਦਸੇ ਤੋਂ ਬਾਅਦ ਚਸ਼ਮਦੀਦ ਪਰਮਜੀਤ ਸਿੰਘ ਨੇ ਦਸਿਆ ਕਿ ਤਿੰਨ ਨੌਜੁਆਨ ਜਦੋਂ ਬੈਂਚ 'ਤੇ ਬੈਠੇ ਸੀ ਤਾਂ ਤੇਜ਼ ਰਫ਼ਤਾਰ ਕਾਰ ਆਟਾ ਚੱਕੀ ਦੇ ਬਾਹਰ ਪਏ ਇਕ ਭਾਰੀ ਪੱਥਰ 'ਚ ਵੱਜੀ ਅਤੇ ਫਿਰ ਨੌਜੁਆਨਾਂ 'ਤੇ ਚੜ੍ਹ ਗਈ। ਪੱਥਰ ਇਕ ਨੌਜੁਆਨ ਉਪਰ ਜਾ ਡਿਗਿਆ। ਉਸ ਦੀ ਮੌਕੇ 'ਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਵੀ ਕੁੱਝ ਸਮੇਂ ਬਾਅਦ ਮੌਤ ਹੋ ਗਈ ਸੀ।