ਤਸਕਰ ਸ਼ਿਵਮ ਸੋਢੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵਲੋਂ ਵੱਡੀ ਕਾਰਵਾਈ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਵਲੋਂ 7 ਕਿਲੋ ਹੋਰ ਹੈਰੋਇਨ, 2.32 ਬੋਰ ਪਿਸਤੌਲ ਤੇ 3 ਲਗਜ਼ਰੀ ਕਾਰਾਂ ਬਰਾਮਦ
ਕੁਝ ਦਿਨ ਪਹਿਲਾਂ, ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ਼ ਦੀ ਟੀਮ ਨੇ 5 ਕਿਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ ਤੇ ਇਕ ਦੋਸ਼ੀ ਸ਼ਿਵਮ ਸੋਢੀ, ਜੋ ਕਿ ਲਾਂਬਾ ਪਿੰਡ ਚੌਕ, ਜਲੰਧਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਪੁੱਛਗਿੱਛ ਦੌਰਾਨ, ਪੁਲਿਸ ਨੇ 7 ਕਿਲੋ ਹੈਰੋਇਨ, ਦੋ .32 ਬੋਰ ਪਿਸਤੌਲ, ਤਿੰਨ ਬੰਦੂਕਾਂ ਬਰਾਮਦ ਕੀਤੀਆਂ ਅਤੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। È
ਜਿਸ ਦੀ ਪਛਾਣ ਵਰਿੰਦਰ ਸਿੰਘ ਉਰਫ ਬਾਬੂ ਵਾਸੀ ਅਮਰ ਨਗਰ ਜਲੰਧਰ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦਸਿਆ ਕਿ ਦੋਵੇਂ ਦੋਸ਼ੀ ਲੰਬੇ ਸਮੇਂ ਤੋਂ ਜਲੰਧਰ ਸ਼ਹਿਰ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਸਨ। ਸੀਆਈਏ ਸਟਾਫ਼ ਟੀਮ ਨੂੰ ਇਸ ਬਾਰੇ ਗੁਪਤ ਜਾਣਕਾਰੀ ਮਿਲੀ। ਪੁਲਿਸ ਨੇ ਪਹਿਲਾਂ ਜਾਲ ਵਿਛਾਇਆ ਸੀ ਅਤੇ ਸ਼ਿਵਮ ਸੋਢੀ ਨੂੰ 5 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ, ਪੁਲਿਸ ਨੇ ਦੂਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 7 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਿਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੇ ਜੋ ਉਸਨੇ ਸਵੈ-ਰੱਖਿਆ ਲਈ ਰੱਖੇ ਸਨ। ਪੁਲਿਸ ਨੇ ਡਰੱਗ ਮਨੀ ਨਾਲ ਖਰੀਦੀਆਂ ਗਈਆਂ ਤਿੰਨ ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਹਨ। ਸੀਪੀ ਨੇ ਕਿਹਾ ਕਿ ਮੁਲਜ਼ਮਾਂ ਵਿਰੁਧ ਐਨਡੀਪੀਐਸ ਐਕਟ ਦੇ ਕਈ ਮਾਮਲੇ ਪਹਿਲਾਂ ਹੀ ਦਰਜ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਵਿੱਤੀ ਜਾਂਚ ਵੀ ਕੀਤੀ ਜਾ ਰਹੀ ਹੈ।