ਜ਼ਿਲ੍ਹਾ ਬਰਨਾਲਾ ’ਚ ਟਰਾਂਸਫ਼ਾਰਮਰ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਵਿਭਾਗ ਦੇ ਇਕ ਸਹਾਇਕ ਲਾਈਨਮੈਨ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਮਹਿਲ ਕਲਾਂ ਸ਼ਹਿਰ ’ਚ ਵਾਪਰੀ। ਕਿਆਲੀ ਰੋਡ ’ਤੇ ਟਰਾਂਸਫ਼ਾਰਮਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪਿੰਡ ਛੀਨੀਵਾਲ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਮਹਿਲ ਕਲਾਂ ਵਿਚ ਸਹਾਇਕ ਲਾਈਨਮੈਨ ਵਜੋਂ ਕੰਮ ਕਰਦਾ ਸੀ।
ਵਿਭਾਗ ਨੂੰ ਕਿਆਲੀ ਰੋਡ ’ਤੇ ਸਥਿਤ ਟਰਾਂਸਫਾਰਮਰ ਵਿਚ ਨੁਕਸ ਪੈਣ ਦੀ ਸੂਚਨਾ ਮਿਲੀ ਸੀ। ਦੁਪਹਿਰ ਵੇਲੇ ਮੁਰੰਮਤ ਦਾ ਕੰਮ ਕਰਦੇ ਸਮੇਂ, ਗੁਰਪ੍ਰੀਤ ਨੂੰ ਅਚਾਨਕ ਬਿਜਲੀ ਦਾ ਝਟਕਾ ਲੱਗਿਆ ਤੇ ਉਹ ਬੇਹੋਸ਼ ਹੋ ਗਿਆ। ਸਾਥੀ ਕਰਮਚਾਰੀ ਉਸ ਨੂੰ ਤੁਰਤ ਬਰਨਾਲਾ ਦੇ ਇਕ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਘਟਨਾ ਤੋਂ ਬਾਅਦ ਜੇ.ਈ ਕੁਲਬੀਰ ਸਿੰਘ ਔਲਖ, ਜੇ.ਈ ਗੁਰਮੇਲ ਸਿੰਘ ਚੰਨਣਵਾਲ, ਸਿਕੰਦਰ ਸਿੰਘ ਮਹਿਲ ਖੁਰਦ ਅਤੇ ਅਵਤਾਰ ਸਿੰਘ ਛੀਨੀਵਾਲ ਸਮੇਤ ਹੋਰ ਮੁਲਾਜ਼ਮਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਭਾਗ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।