ਪੰਜਾਬ 'ਚ ਦਰਿਆਈ ਪਾਣੀਆਂ ਨਾਲ ਸਿੰਚਾਈ ਨਾ ਵਧੀ ਤਾਂ ਨਤੀਜੇ ਚੰਗੇ ਨਹੀਂ ਹੋਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਖੇਤਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਵਲ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹੋਈਆਂ। ਹਿੰਦ-ਪਾਕਿ ਵੰਡ ਤੋਂ ਬਾਅਦ ਚਾਹੀਦਾ ਤਾਂ......

Punjab River

ਅੰਮ੍ਰਿਤਸਰ : ਪੰਜਾਬ ਦੇ ਖੇਤਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਵਲ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹੋਈਆਂ। ਹਿੰਦ-ਪਾਕਿ ਵੰਡ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਖੇਤੀ ਰਕਬੇ ਨੂੰ ਦਰਿਆਈ ਪਾਣੀਆਂ ਹੇਠ ਵੱਧ ਤੋ ਵੱਧ ਲਿਆਂਦਾ ਜਾਂਦਾ ਪਰ ਇਸ ਪ੍ਰਤੀ ਗੰਭੀਰਤਾ ਵਿਖਾਉਣ ਦੀ ਥਾਂ ਖੇਤੀ ਹੇਠਲੇ ਰਕਬੇ ਨੂੰ ਬਿਜਲੀ ਪ੍ਰਬੰਧਾਂ ਹੇਠ ਲਿਆਂਦਾ ਗਿਆ। ਕਿਸਾਨ ਨੇ ਬੇਸਮਝੀ ਵਿਖਾਉਂਦਿਆਂ ਨਹਿਰੀ ਖਾਲ ਢਾਹ ਦਿਤੇ। 

ਨਹਿਰੀ ਰਕਬੇ ਨੂੰ ਵਧਾਉਣ ਲਈ ਕਿਸਾਨਾਂ ਸਰਕਾਰਾਂ ਤਕ  ਪਹੁੰਚ ਘਟ ਕਰਦਿਆਂ ਸਾਰਾ ਜ਼ੋਰ ਬੰਬੀਆਂ ਦੇ ਕੁਨੈਕਸ਼ਨ ਲੈਣ 'ਤੇ ਲਾ ਦਿਤਾ। ਇਸ ਦੀ ਨਤੀਜਾ ਇਹ ਨਿਕਲਿਆ ਕਿ ਨਹਿਰੀ ਵਿਭਾਗ ਲਾਵਾਰਸ ਹੋ ਗਿਆ।  ਰਾਵੀ ਦਰਿਆਂ 'ਚੋਂ ਅੰਗਰੇਜ਼ਾਂ ਵਲੋਂ ਕੱਢੀ ਗਈ ਯੂ ਬੀ ਡੀ ਸੀ ਨਹਿਰ ਪ੍ਰਤੀ ਕੋਈ ਧਿਆਨ ਨਾ ਦੇਣ ਕਰ ਕੇ ਇਸ ਦੇ ਸੂਏ, ਰਜਬਾਹਿਆਂ ਦੀ ਸਫ਼ਾਈ ਨਾ ਹੋਣ ਕਰ ਕੇ ਪਾਣੀ ਕਦੇ ਵੀ ਟੇਲਾਂ ਤਕ ਨਹੀਂ ਪੁੱਜ ਸਕਿਆ। ਯੂ.ਬੀ.ਡੀ.ਸੀ. ਨਹਿਰ ਕੱਚੀ ਰਹਿਣ ਕਰ ਕੇ ਮਾਝੇ ਨੂੰ ਲਾਭ ਹੋਇਆ। ਜੇਕਰ ਪੱਕੀ ਕਰ ਦਿੰਦੇ ਤਾਂ ਇਥੋਂ ਦਾ ਪਾਣੀ ਵੀ ਖ਼ਰਾਬ ਹੋ ਜਾਣਾ ਸੀ।

ਅੰਗਰੇਜ਼ਾਂ ਵੇਲੇ ਕੱਢੀ ਗਈ ਯੂ ਬੀ ਡੀ ਸੀ ਨਹਿਰ ਪਾਕਿਸਤਾਨ ਦੇ ਪੱਟੋਕੀ-ਮੁਲਤਾਨ ਦੇ ਜ਼ਿਲ੍ਹਿਆਂ ਦੀ ਸਿੰਚਾਈ  ਕਰਦੀ ਸੀ। 1947 'ਚ ਪਾਕਿਸਤਾਨ ਬਣ ਜਾਣ ਕਰ ਕੇ ਇਹ ਨਹਿਰ ਖਾਲੜੇ ਤਕ ਹੀ ਸੀਮਤ ਹੋ ਕੇ ਰਹਿ ਗਈ ਪਰ ਇਸ ਅਧੀਨ ਖੇਤੀ ਰਕਬਾ ਵੱਧ ਤੇ ਵੱਧ ਲਿਆਉਣ ਵਲ ਕਿਸੇ ਸਰਕਾਰ ਧਿਆਨ ਨਹੀਂ ਦਿਤਾ। ਕੇਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਕਾਰਨ ਰਾਵੀ ਦਰਿਆਂ 'ਚੋਂ ਮਾਧੋਪੁਰ ਲਿੰਕ ਨਹਿਰ ਦੀ ਉਸਾਰੀ ਕਰ ਕੇ ਇਸ ਦਾ ਪਾਣੀ ਬਿਆਸ ਦਰਿਆ 'ਚ ਜ਼ਰੂਰ ਪਾ ਦਿਤਾ ਤਾਂ ਜੋ ਰਾਜਸਥਾਨ ਦੀਆਂ ਨਹਿਰਾਂ ਚਲ ਸਕਣ।  

ਵਾਤਾਵਰਨ ਪ੍ਰੇਮੀ ਅਮਰਜੀਤ ਸਿੰਘ ਗੰਡੀਵਿੰਡ ਨੇ ਪੰਜਾਬ ਦੇ ਪਾਣੀਆਂ ਦੀ ਅਸਲ ਸਥਿਤੀ ਤੋਂ ਜਾਗਰੂਕ ਕਰਦਿਆਂ ਇਸ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸ ਸਬੰਧੀ ਜੇਕਰ ਸਰਕਾਰ ਨੇ ਸਹੀ ਫ਼ੈਸਲੇ ਨਾ ਲਏ ਤਾਂ ਦੇਸ਼ ਦਾ ਕਿਸੇ ਸਮੇਂ ਦਾ ਪਹਿਲੇ ਨੰਬਰ ਵਾਲਾ ਸੂਬਾ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ। ਦਰਿਆਈ ਪਾਣੀਆਂ ਦੇ ਲਗਾਤਾਰ ਬਾਹਰ ਜਾਣ ਨਾਲ  ਇਥੇ ਦਾ ਅਵਾਮ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਿਆ ਹੈ। 

ਪੰਜਾਬ ਵਿਚ  ਖੇਤੀ ਦਰਿਆਈ ਭਾਵ ਨਹਿਰੀ ਪਾਣੀਆਂ ਨਾਲ ਕਰਨ ਲਈ ਸਾਇੰਸਦਾਨ ਜ਼ੋਰ ਦਿੰਦੇ ਰਹੇ ਪਰ ਅਜਿਹਾ ਨਹੀਂ ਕੀਤਾ ਜਿਸ ਦੇ ਨਤੀਜੇ ਵਜੋਂ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਚਲਾ ਗਿਆ ਜੋ ਬੇਹੱਦ ਫ਼ਿਕਰ ਵਾਲੀ ਗੱਲ ਹੈ। ਪੰਜਾਬ ਦੇ ਪਾਣੀਆਂ ਦੀ ਅਸਲ ਸਥਿਤੀ ਬਾਰੇ ਉਨ੍ਹਾਂ ਦਸਿਆ ਕਿ ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿਚ ਹੈ: ਪਹਿਲੀ ਪਰਤ 10 ਤੋਂ 20 ਫ਼ੁਟ ਤਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁਕਾ ਹੈ। ਦੂਜੀ ਪਰਤ ਲਗਭਗ 100 ਤੋਂ 200 ਫ਼ੁੱਟ ਉਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫ਼ੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ

ਜੋ ਕਿ ਅਗਲੇ ਦਹਾਕੇ ਤਕ ਖ਼ਾਲੀ ਹੋ ਜਾਵੇਗੀ। ਇਸ ਤੀਜੀ ਪਰਤ ਵਿਚਲੇ ਪਾਣੀ ਦੇ ਖ਼ਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖ਼ਰੀ ਘੁੱਟਾਂ ਵੀ ਖ਼ਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ।  ਸਾਇੰਸ ਦਸਦੀ ਹੈ ਕਿ ਤਿੰਨਾਂ ਪਰਤਾਂ ਵਿਚੋਂ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ। ਦੂਜੀ ਅਤੇ ਤੀਜੀ ਪਰਤ ਵਿਚ ਪਾਣੀ ਲੱਖਾਂ ਸਾਲਾਂ ਵਿਚ ਪਹੁੰਚਦਾ ਹੈ। ਇਸ ਵਿਚਲਾ ਤੁਪਕਾ ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। 

ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚਿਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤ ਵਿਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।

ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿਧਰ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੈ। ਪੰਜਾਬ ਦੇ 13 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵਲ ਲਿਜਾ ਰਹੇ ਹਨ।  ਇਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।

ਦਰਿਆਈ ਪਾਣੀ ਵਿਚ ਸੌ ਤੋਂ ਵੱਧ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਮਿਨਰਲ ਤੇ ਕੁਦਰਤੀ ਪਦਾਰਥ ਹੁੰਦੇ ਹਨ। ਕੁਦਰਤੀ ਤੌਰ ਉੱਤੇ ਵਧੀਆ ਫ਼ਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰਖਦਾ ਹੈ। ਦਰਿਆਈ ਪਾਣੀ ਦੀ ਅਣਹੋਂਦ ਵਿਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪਈ।  ਪੰਜਾਬ ਇਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖ਼ੀਰਾ ਖ਼ਤਮ ਕਰ ਚੁੱਕਾ ਹੈ ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ।