ਤੁਪਕਾ ਸਿੰਚਾਈ ਨਾਲ ਫਸਲ ਦੇ ਝਾੜ ਵਿਚ ਹੁੰਦਾ ਹੈ 25 ਫੀਸਦੀ ਤੱਕ ਦਾ ਵਾਧਾ
ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਨਾਲ 40 ਤੋਂ 50 ਫੀਸਦੀ ਬੱਚਦਾ ਹੈ ਧਰਤੀ ਹੇਠਲਾ ਪਾਣੀ: ਬਰਾੜ
ਫਤਿਹਗੜ੍ਹ ਸਾਹਿਬ 14 ਜੂਨ (ਸੁਰਜੀਤ ਸਿੰਘ ਸਾਹੀ), ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਜਿਥੇ ਆਮ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਕਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨਾ ਵੀ ਇਸ ਮਿਸ਼ਨ ਦਾ ਅਹਿਮ ਅੰਗ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਜਿਆਦਾਤਰ ਕਿਸਾਨ ਖੇਤਾਂ ਵਿੱਚ ਫਲੱਡ ਇਰੀਗੇਸ਼ਨ ਸਿਸਟਮ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਜਿਆਦਾਤਰ ਪਾਣੀ ਵਿਅਰਥ ਚਲਾ ਜਾਂਦਾ ਹੈ।
ਮੰਡਲ ਭੂਮੀ ਰੱਖਿਆ ਅਫਸਰ ਸ. ਦਲਬੀਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਦੇ ਪਿੰਡ ਬੈਣੀ ਜੇਰ ਦੇ ਅਗਾਂਹਵਧੂ ਕਿਸਾਨ ਧਨਵੰਤ ਸਿੰਘ ਦੇ ਲਗਭਗ 2 ਏਕੜ ਰਕਬੇ ਵਿੱਚ ਤੁਪਕਾ ਸਿੰਚਾਈ ਸਿਸਟਮ ਲਗਵਾਇਆ ਗਿਆ ਹੈ। ਜਿਸ ਦੀ ਕੁੱਲ ਲਾਗਤ 2 ਲੱਖ 43 ਹਜਾਰ 681 ਰੁਪਏ ਹੈ, ਜਿਸ 'ਤੇ ਵਿਭਾਗ ਵੱਲੋਂ ਧਨਵੰਤ ਸਿੰਘ ਨੂੰ 80 ਫੀਸਦੀ ਸਬਸਿਡੀ ਜੋ ਕਿ 1 ਲੱਖ 78 ਹਜਾਰ 868 ਰੁਪਏ ਬਣਦੀ ਹੈ, ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਸਟਰਾਅਬੇਰੀ ਅਤੇ ਬਰੋਕਲੀ ਦੀ ਸਫਲ ਖੇਤੀ ਕਰ ਰਿਹਾ ਹੈ।
ਕਿਉਂਕਿ ਤੁਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਤੁਪਕਾ ਸਿੰਚਾਈ ਪਾਣੀ ਦੀ ਬੱਚਤ ਕਰਨ ਲਈ ਅਹਿਮ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਇਸ ਤਕਨੀਕ ਨਾਲ ਲਗਭਗ 40 ਤੋਂ 50 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਕਰਨੀ ਪੈਂਦੀ ਹੈ।