'ਹੁਨਰ ਹੈ ਤਾਂ ਰੁਜ਼ਗਾਰ ਹੈ' ਮੰਤਵ ਨਾਲ 12ਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਰੁਜ਼ਗਾਰ ਮੇਲੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੁਜ਼ਗਾਰ ਮੇਲੇ ਦੇ ਦੂਜੇ ਦਿਨ ਲਗਭੱਗ 900 ਵਿਦਿਆਰਥੀਆਂ ਨੇ ਲਿਆ ਹਿੱਸਾ

Rozgar Mela

ਐਸ.ਏ.ਐਸ. ਨਗਰ: ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਮੁਤਾਬਕ 'ਹੁਨਰ ਹੈ ਤਾਂ ਰੁਜ਼ਗਾਰ ਹੈ' ਮੰਤਵ ਨਾਲ ਸਕੂਲ ਸਿੱਖਿਆ ਵਿਭਾਗ ਵਲੋਂ ਰਾਜ ਪੱਧਰ ਉਪਰ ਪੰਜਾਬ ਭਰ ਵਿਚ ਸਰਕਾਰੀ ਸਕੂਲਾਂ ਵਿਚੋਂ ਐਨ.ਐਸ.ਕਿਊ.ਐਨ. ਅਤੇ ਵੋਕੇਸ਼ਨਲ ਵਿਸ਼ੇ ਨਾਲ ਬਾਰ੍ਹਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਹਨਾਂ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ.ਏ.ਯੂ., ਕੈਂਪਸ ਵਿਚ ਦੂਜਾ ਰੁਜ਼ਗਾਰ ਮੇਲਾ ਲਗਾਇਆ ਗਿਆ।

Punjab Government

ਇਸ ਮੇਲੇ ਵਿਚ ਚਾਰ ਜ਼ਿਲ੍ਹਿਆਂ ਮੋਗਾ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਲੁਧਿਆਣਾ ਦੇ ਲਗਭਗ 900 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਲਈ ਲਗਭਗ 35 ਦੇ ਕਰੀਬ ਕੰਪਨੀਆਂ ਨੇ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਉਹਨਾਂ ਦਾ ਇੰਟਰਵਿਊ ਕੀਤਾ ਅਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ। ਇਹਨਾਂ ਰੁਜ਼ਗਾਰ ਮੇਲਿਆਂ ਵੱਲ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਨੂੰ ਵਿਦਿਆਰਥੀਆਂ ਨਾਲ ਪਹੁੰਚੇ ੳਨ੍ਹਾਂ ਦੇ ਮਾਪਿਆਂ ਨੇ ਚੰਗਾ ਕਾਰਜ ਦੱਸਿਆ।

ਇਸ ਖਾਸ ਮੌਕੇ ਉੱਤੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਆਈ.ਏ.ਐਸ ਨੇ ਵਿਸ਼ੇਸ਼ ਤੌਰ ਉੱਤੇ ਆਏ ਹੋਏ ਵਿਦਿਆਰਥੀਆਂ ਦੀ ਹੌਂਸਲਾ-ਅਫਜਾਈ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਦਫ਼ਤਰ ਤੋਂ ਸ੍ਰੀ ਸੁਭਾਸ਼ ਮਹਾਜਨ, ਡਿਪਟੀ ਡਾਇਰੈਕਟਰ ਵੋਕੇਸ਼ਨਲ ਇਸ ਰੁਜ਼ਗਾਰ ਮੇਲੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਇਸ ਪ੍ਰਬੰਧ ਦਾ ਜਾਇਜਾ ਲਿਆ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਸਵਰਨਜੀਤ ਕੌਰ ਨੇ ਇਸ ਰੁਜ਼ਗਾਰ ਮੇਲੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

ਇਸ ਮੌਕੇ ਉੱਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਚਰਨਜੀਤ ਸਿੰਘ, ਅਸ਼ੀਸ਼ ਕੁਮਾਰ ਅਤੇ ਜ਼ਿਲ੍ਹਾ ਗਾਇਡੈਂਸ ਕੌਂਸਲਰ ਗੁਰਕ੍ਰਿਪਾਲ ਸਿੰਘ ਬਰਾੜ, ਇਹਨਾਂ ਤੋਂ ਇਲਾਵਾ ਜ਼ਿਲ੍ਹਾ ਕੋਆਡੀਨੇਟਰ ਹੁਸਿਆਰਪੁਰ ਅਮਰੀਕ ਸਿੰਘ, ਮੋਗੇ ਤੋਂ ਦਿਲਬਾਗ ਸਿੰਘ ਬਰਾੜ, ਫਿਰੋਜ਼ਪੁਰ ਤੋਂ ਬਲਜਿੰਦਰ ਸਿੰਘ ਹੁਰਾਂ ਨੇ ਵਿਸ਼ੇਸ਼ ਤੌਰ ਉਤੇ ਇਸ ਰੁਜ਼ਗਾਰ ਮੇਲੇ ਵਿਚ ਸ਼ਿਰਕਤ ਕੀਤੀ ਅਤੇ ਅਪਣੇ ਵਿਦਿਆਰਥੀਆਂ ਦਾ ਸਹਿਯੋਗ ਕੀਤਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਿਸ਼ੇਸ਼ ਯੋਗਦਾਨ ਦਿਤਾ।

ਇਸ ਪ੍ਰੋਗਰਾਮ ਵਿਚ ਸਟੇਜ ਸੈਕਟਰੀ ਵਜੋਂ ਭੂਮਿਕਾ ਨਿਭਾ ਰਹੇ ਨੈਸ਼ਨਲ ਐਵਾਰਡੀ ਪੰਜਾਬੀ ਮਾਸਟਰ ਕਰਮਜੀਤ ਸਿੰਘ ਸਰਕਾਰੀ ਹਾਈ ਸਕੂਲ, ਖੇੜੀ ਝਮੇੜੀ, ਜ਼ਿਲ੍ਹਾ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੁਜ਼ਗਾਰ ਮੇਲੇ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਹਨ। ਇਸ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਬਣੇਗਾ ਅਤੇ ਉਹ ਅਪਣੇ ਹੁਨਰ ਅਨੁਸਾਰ ਅਪਣਾ ਰੁਜ਼ਗਾਰ ਲੱਭਣ ਵਿਚ ਸਫਲ਼ ਹੋਣਗੇ।