ਕਮਜ਼ੋਰ ਪੈਂਦਾ 'ਨਹੁੰ-ਮਾਸ' ਦਾ ਰਿਸ਼ਤਾ : ਪੰਜਾਬ 'ਚ 59 ਸੀਟਾਂ 'ਤੇ ਚੋਣ ਲੜੇਗੀ ਭਾਜਪਾ!
'ਅਕਾਲੀ ਸਿਆਸਤ ਵਿਚ ਤਾਜ਼ਾ ਫੁੱਟ ਕਾਰਨ ਭਾਜਪਾ ਦੀ ਉਮੀਦਵਾਰ ਵੱਧ ਖੜ੍ਹੇ ਕਰਨ 'ਚ ਹੀ ਗਠਜੋੜ ਦਾ ਫ਼ਾਇਦਾ'
ਚੰਡੀਗੜ੍ਹ : ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵਿਚ ਸੀਟਾਂ ਦਾ ਰੇੜਕਾ ਇਸ 'ਤੇ ਸਵਾਰ ਇਕ ਵੱਡਾ ਪੁਆੜਾ ਪਾਊ ਮੁੱਦਾ ਬਣਨ ਜਾ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਸਪੱਸ਼ਟ ਤੌਰ 'ਤੇ ਕਹਿ ਦਿਤਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ 'ਚ 59 ਸੀਟਾਂ 'ਤੇ ਚੋਣ ਲੜੇਗੀ।
ਮਿੱਤਲ ਨੇ ਇਥੋਂ ਤਕ ਕਹਿ ਦਿਤਾ ਹੈ ਕਿ ਇਸ ਵਾਰ ਭਾਜਪਾ ਹਾਈਕਮਾਨ ਪੰਜਾਬ ਵਿਚ ਸੀਟ ਵੰਡ ਦੇ ਮੁੱਦੇ ਉੱਤੇ ਸੂਬਾਈ ਇਕਾਈ ਦੇ ਨਾਲ ਖੜ੍ਹੀ ਹੈ। ਇਥੇ ਮੀਡੀਆ ਨਾਲ ਸਵਾਲ-ਜਵਾਬ ਦੌਰਾਨ ਮਿੱਤਲ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਨਾਲੋਂ ਵੱਧ ਸੀਟਾਂ ਉੱਤੇ ਦਾਅਵਾ ਕਰਨ ਦਾ ਵੱਡਾ ਕਾਰਨ ਅਕਾਲੀ ਸਿਆਸਤ ਵਿਚ ਪਈ ਮੌਜੂਦਾ ਫੁੱਟ ਵੀ ਹੈ।
ਉਨ੍ਹਾਂ ਤਰਕ ਦਿਤਾ ਕਿ ਅਕਾਲੀ ਸਿਆਸਤ ਦੀ ਫੁੱਟ ਕਾਰਨ ਵੱਧ ਤੋਂ ਵੱਧ ਭਾਜਪਾ ਉਮੀਦਵਾਰਾਂ ਨੂੰ ਸੀਟਾਂ ਦੇਣਾ ਅਕਾਲੀ ਦਲ ਲਈ ਵੀ ਸੂਬੇ ਦੀ ਸੱਤਾ ਵਿਚ ਵਾਪਸੀ ਦੇ ਦ੍ਰਿਸ਼ਟੀਕੋਣ ਤੋਂ ਲਾਹੇਵੰਦਾ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਸਿੱਖ, ਦਲਿਤ, ਹਿੰਦੂ ਤੇ ਹੋਰਨਾਂ ਵਰਗ ਦੇ ਯੋਗ ਉਮੀਦਵਾਰਾਂ ਨੂੰ ਟਿਕਟਾਂ ਦੇਵੇਗੀ।
ਪੰਜਾਬ ਵਿਚ ਅਗਲੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲਾਂ ਦੇ ਜਵਾਬ ਨੂੰ ਤਾਂ ਮਿੱਤਲ ਟਾਲ ਗਏ। ਪਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਹ ਗਠਜੋੜ 94-23 (ਕੁਲ 117) ਅਨੁਪਾਤ ਨਾਲ ਸੀਟ ਵੰਡ ਦੇ ਆਧਾਰ 'ਤੇ ਚੋਣਾਂ ਲੜਦਾ ਆ ਰਿਹਾ ਹੈ। ਪਰ ਇਸ ਵਾਰ ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਵਲੋਂ 59 ਸੀਟਾਂ 'ਤੇ ਦਾਅਵੇਦਾਰੀ ਪ੍ਰਗਟ ਕਰ ਕੇ ਅਕਾਲੀ ਦਲ ਨਾਲੋਂ ਵੀ ਇਕ ਸੀਟ ਵੱਧ ਮੰਗ ਲਈ ਹੈ।
ਦਸਣਯੋਗ ਹੈ ਕਿ ਪੰਜਾਬ ਭਾਜਪਾ ਅਕਸਰ ਹੀ ਚੋਣਾਂ ਤੋਂ ਇਕ ਜਾਂ ਦੋ ਸਾਲ ਪਹਿਲਾਂ ਅਕਾਲੀ ਦਲ ਕੋਲੋਂ ਸੀਟ ਅਨੁਪਾਤ ਵਿਚ ਅਪਣੇ ਹੱਕ 'ਚ ਬਦਲਾਅ ਦੀ ਮੰਗ ਕਰਦਾ ਆ ਰਿਹਾ ਹੈ। ਪਰ ਅਕਸਰ ਭਾਜਪਾ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਨਾਲ ਕੌਮੀ ਪੱਧਰ ਉਤੇ ਗਠਜੋੜ ਦੇ ਹਵਾਲੇ ਨਾਲ ਪੰਜਾਬ ਭਾਜਪਾ ਦੀ ਇਸ ਮੰਗ ਨੂੰ ਅਕਸਰ ਹੀ ਅਣਗੌਲਾ ਕਰ ਦਿੰਦੀ ਹੈ। ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬੇਅਦਬੀ ਅਤੇ ਗੋਲੀ ਕਾਂਡ ਜਿਹੇ ਮੁੱਦਿਆਂ ਦੇ ਭਾਰੂ ਹੋਣ ਕਾਰਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਮਾੜੀ ਹਸ਼ਰ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦਾ ਕੈਰੀ ਪਾਰਟੀ ਵਜੋਂ ਲਗਾਤਾਰ ਮਜ਼ਬੂਤ ਹੁੰਦੇ ਜਾਣ ਨੇ 'ਗਠਜੋੜ ਧਰਮ' ਦੇ ਸਾਰੇ ਸਿਆਸੀ ਸਮੀਕਰਨ ਬਦਲ ਦਿਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।