ਅਤਿਵਾਦ ਫ਼ੰਡਿੰਗ ਦੇ ਦੋਸ਼ਾਂ 'ਚ ਘਿਰਿਆ ਜੱਗੀ ਜੌਹਲ ਸਾਥੀਆਂ ਸਮੇਤ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੱਗੀ ਜੌਹਲ ਸਮੇਤ ਚਾਰ ਨੂੰ ਅਤਿਵਾਦੀ ਗਰੁੱਪਾਂ ਨੂੰ ਹਿੰਸਾ ਫੈਲਾਉਣ ਲਈ ਫ਼ੰਡ ਦੇਣ ਦੇ ਦੋਸ਼ਾਂ ਤਹਿਤ ਦਰਜ ਹੋਏ ਮੁਕੱਦਮੇ ਦੀ ਪੜਤਾਲ ਨੂੰ ਗ਼ੈਰ-ਕਾਨੂੰਨੀ ਬਰੀ ਕਰ ਦਿਤਾ ਹੈ।

Jaggi Johal

ਫ਼ਰੀਦਕੋਟ (ਬੀ.ਐੱਸ.ਢਿੱਲੋਂ): ਅਦਾਲਤ ਨੇ ਪ੍ਰਵਾਸੀ ਪੰਜਾਬੀ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਅਤੇ ਉਸ ਦੇ ਚਾਰ ਸਾਥੀਆਂ ਨੂੰ ਅਤਿਵਾਦੀ ਗਤੀਵਿਧੀਆਂ ਕਰਵਾਉਣ ਅਤੇ ਅਤਿਵਾਦੀ ਗਰੁੱਪਾਂ ਨੂੰ ਹਿੰਸਾ ਫੈਲਾਉਣ ਲਈ ਫ਼ੰਡ ਦੇਣ ਦੇ ਦੋਸ਼ਾਂ ਤਹਿਤ ਦਰਜ ਹੋਏ ਮੁਕੱਦਮੇ ਦੀ ਸਮੁੱਚੀ ਪੜਤਾਲ ਨੂੰ ਨੁਕਸਦਾਰ ਅਤੇ ਗ਼ੈਰ-ਕਾਨੂੰਨੀ ਮੰਨਦਿਆਂ ਬਰੀ ਕਰਨ ਦਾ ਹੁਕਮ ਦਿਤਾ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਪੰਜਾਬੀ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਥਾਣਾ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਨੇ 21 ਮਈ 2017 ਨੂੰ ਗ੍ਰਿਫ਼ਤਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਜੱਗੀ ਜੌਹਲ ਅਤਿਵਾਦੀ ਜੱਥੇਬੰਦੀਆਂ ਨੂੰ ਅਸਲਾ ਅਤੇ ਪੈਸਾ ਮੁਹਈਆ ਕਰਵਾਉਂਦਾ ਹੈ।

ਇਸ ਮਾਮਲੇ ਦੀ ਪੜਤਾਲ ਦੌਰਾਨ ਫ਼ਰੀਦਕੋਟ ਦੀ ਪੁਲਿਸ ਨੇ 26 ਜੂਨ 2017 ਨੂੰ ਜਗਤਾਰ ਸਿੰਘ ਜੱਗੀ ਜੌਹਲ, ਜਗਜੀਤ ਸਿੰਘ, ਤਲਜੀਤ ਸਿੰਘ ਵਾਸੀ ਜੰਮੂ, ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਅਤੇ ਤ੍ਰਿਲੋਕ ਸਿੰਘ ਵਾਸੀ ਕੈਨੇਡਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਅਸਲਾ ਐਕਟ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।  ਪੁਲੀਸ ਨੇ ਇਸ ਮਾਮਲੇ ਵਿਚ ਜੁਲਾਈ 2018 'ਚ ਦੋਸ਼ ਪੱਤਰ ਅਦਾਲਤ ਵਿਚ ਦਾਇਰ ਕਰਦਿਆਂ ਦਾਅਵਾ ਕੀਤਾ ਸੀ ਕਿ ਉਕਤ ਸਾਰੇ ਵਿਅਕਤੀ ਅਤਿਵਾਦੀ ਜੱਥੇਬੰਦੀਆਂ ਨਾਲ ਮਿਲ ਕੇ ਪੰਜਾਬ ਵਿਚ ਮਹੌਲ ਖ਼ਰਾਬ ਕਰਨ ਲਈ ਸਰਗਰਮ ਸਨ ਅਤੇ ਤਫ਼ਤੀਸ਼ ਦੌਰਾਨ ਇਨ੍ਹਾਂ ਕੋਲੋਂ ਤਿੰਨ ਰਿਵਾਲਵਰ ਬਰਾਮਦ ਹੋਏ ਸਨ ਅਤੇ ਇਨ੍ਹਾਂ ਦੇ ਖਾਤਿਆਂ ਵਿਚ ਵਿਦੇਸ਼ਾਂ ਤੋਂ ਲੱਖਾਂ ਰੁਪਏ ਜਮ੍ਹਾਂ ਹੋਏ ਸਨ।

ਇਸ ਮਾਮਲੇ ਦੀ ਪੜਤਾਲ ਡੀ.ਜੀ.ਪੀ ਦੇ ਹੁਕਮਾਂ 'ਤੇ ਅੰਮ੍ਰਿਤਸਰ ਦੇ ਸਪੈਸ਼ਲ ਆਪਰੇਸ਼ਨ ਸੈੱਲ ਨੇ ਵੀ ਕੀਤੀ ਸੀ। ਜੱਗੀ ਜੌਹਲ ਦੇ ਵਕੀਲ ਮਨਦੀਪ ਚਾਨਣਾ ਨੇ ਦਸਿਆ ਕਿ ਪੁਲਿਸ ਦੀ ਸਮੁੱਚੀ ਜਾਂਚ  ਗ਼ੈਰਕਾਨੂੰਨੀ ਸੀ।  ਉਨ੍ਹਾਂ ਕਿਹਾ ਕਿ ਪੜਤਾਲ ਤੋਂ ਪਹਿਲਾਂ ਪੁਲਿਸ ਨੇ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਨਹੀਂ ਲਈ ਅਤੇ ਨਿਯਮਾਂ ਦੀ ਅਣਦੇਖੀ ਕਰ ਕੇ ਬਾਜਾਖਾਨਾ ਥਾਣੇ ਵਿਚ ਉਕਤ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਲੰਬੀ ਸੁਣਵਾਈ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਮੁਕੱਦਮੇ 'ਚੋਂ ਬਰੀ ਕਰਨ ਦਾ ਹੁਕਮ ਦਿਤਾ।    

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ