ਵਾਹਨ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ! ਪੰਜਾਬ ਪੁਲਿਸ ਲਗਾਉਣ ਜਾ ਰਹੀ ਹਾਈਟੈੱਕ ਬੈਰੀਅਰ

ਏਜੰਸੀ

ਖ਼ਬਰਾਂ, ਪੰਜਾਬ

ਚੋਰੀ ਕੀਤੇ ਵਾਹਨਾਂ ਨੂੰ ਸਕੈਨ ਕਰ ਕੇ ਤੁਰਤ ਚੌਕਸ ਕਰ ਦੇਣਗੇ ਹਾਈਟੈੱਕ ਬੈਰੀਅਰ

representational Image

ਮੋਹਾਲੀ : ਹੁਣ ਪੰਜਾਬ ਪੁਲਿਸ ਮੋਟਰਸਾਈਕਲ ਅਤੇ ਹੋਰ ਵਾਹਨ ਲੁੱਟ ਕੇ ਭੱਜਣ ਵਾਲਿਆਂ ਨੂੰ ਫੜਨ ਲਈ  ਹਾਈਟੈੱਕ ਪਹਿਲ ਕਰਨ ਜਾ ਰਹੀ ਹੈ। ਅਜਿਹੇ  ਹਾਈਟੈੱਕ ਬੈਰੀਅਰ ਸੂਬੇ ਦੇ ਵੱਖ-ਵੱਖ ਪੁਆਇੰਟਾਂ 'ਤੇ ਲਗਾਏ ਜਾਣਗੇ।ਇਨ੍ਹਾਂ 'ਤੇ ਅਜਿਹੇ ਸਕੈਨਰ ਅਤੇ ਹਾਈ ਡੈਫੀਨੇਸ਼ਨ ਕੈਮਰੇ ਹੋਣਗੇ, ਜੋ ਬੈਰੀਅਰ ਦੇ ਸਾਹਮਣੇ ਤੋਂ ਲੰਘਣ 'ਤੇ ਵਾਹਨ ਨੂੰ ਸਕੈਨ ਕਰਨਗੇ, ਜੇਕਰ ਵਾਹਨ ਚੋਰੀ ਦਾ ਹੈ ਜਾਂ ਚੋਰੀ ਵਿਚ ਸ਼ਾਮਲ ਹੁੰਦਾ ਹੈ, ਤਾਂ ਇਹ ਸਕੈਨਰ ਤੁਰਤ ਪੁਲਿਸ ਨੂੰ ਸੂਚਿਤ ਕਰਨਗੇ ਤਾਂ ਜੋ ਦੋਸ਼ੀ ਨੂੰ ਫੜਿਆ ਜਾ ਸਕੇ।

ਇਹ ਵੀ ਪੜ੍ਹੋ: ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਚ ਮਾਹੌਲ ਉਤੋਂ ਸਿੱਖੀ ਪ੍ਰਭਾਵ ਗ਼ਾਇਬ ਹੁੰਦਾ ਜਾ ਰਿਹੈ...

ਇਸ ਸਕੈਨਰ ਨੂੰ ਪੁਲਿਸ ਦੀ ਐਪ ਨਾਲ ਜੋੜਿਆ ਜਾਵੇਗਾ, ਜਿਸ ਵਿਚ ਚੋਰੀ ਹੋਏ ਵਾਹਨਾਂ ਦਾ ਪੂਰਾ ਵੇਰਵਾ ਦਰਜ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪੰਜਾਬ ਵਿਚ ਹਰ ਰੋਜ਼ ਔਸਤਨ ਤਿੰਨ ਵਾਹਨ ਚੋਰੀ ਹੋ ਰਹੇ ਹਨ। ਐਨ.ਸੀ.ਆਰ.ਬੀ. ਦੀ ਰਿਪੋਰਟ ਦੇ ਅਨੁਸਾਰ, 2021 ਵਿਚ ਪੰਜਾਬ ਵਿਚ 1,025 ਵਾਹਨ ਚੋਰੀ ਦੇ ਮਾਮਲੇ ਸਾਹਮਣੇ ਆਏ, ਜੋ ਕਿ 2020 (721 ਮਾਮਲੇ) ਨਾਲੋਂ 42.16 ਪ੍ਰਤੀਸ਼ਤ ਵੱਧ ਸਨ।

ਕੀ ਹੋਣਗੇ ਇਸ ਪ੍ਰਾਜੈਕਟ ਦੇ ਫ਼ਾਇਦੇ ?
-ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਆਸਾਨੀ ਨਾਲ ਸਕੈਨ ਕੀਤਾ ਜਾ ਸਕਦਾ ਹੈ।
-ਨਾਕਿਆਂ ਨਾਲ ਚੋਰੀ ਹੋਏ ਵਾਹਨਾਂ ਦੀ ਤਲਾਸ਼ੀ ਆਸਾਨ ਹੋਵੇਗੀ, ਲੁਟੇਰਿਆਂ-ਗੈਂਗਸਟਰਾਂ ਅਤੇ ਝਪਤਮਾਰਾਂ ਨੂੰ ਫੜਨ 'ਚ ਮਦਦ ਮਿਲੇਗੀ।
-ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਨਾਕਿਆਂ 'ਤੇ ਵਾਹਨਾਂ ਦੇ ਨੰਬਰ ਨੋਟ ਕਰਨ ਲਈ ਤੈਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ:  ਮਾਰੂਤੀ ਨੇ ਸਟੀਅਰਿੰਗ ਰਾਡ ਦੀ ਸਮਸਿਆ ਨੂੰ ਹੱਲ ਕਰਨ ਲਈ S-Presso, Eeco ਦੀਆਂ 87,599 ਯੂਨਿਟਾਂ ਵਾਪਸ ਮੰਗਵਾਈਆਂ

ਜਾਣਕਾਰੀ ਅਨੁਸਾਰ ਇਹ  ਹਾਈਟੈੱਕ  ਬੈਰੀਅਰ ਪੋਰਟੇਬਲ ਹੋਵੇਗਾ। ਯਾਨੀ ਪੁਲਿਸ ਇਸ  ਹਾਈਟੈੱਕ ਬੈਰੀਅਰ ਨੂੰ ਲੋੜ ਅਨੁਸਾਰ ਕਿਸੇ ਵੀ ਥਾਂ 'ਤੇ ਲਗਾ ਸਕਦੀ ਹੈ। ਇਹ ਵਾਇਰਲੈੱਸ ਅਤੇ ਚਾਰਜਯੋਗ ਹੋਵੇਗਾ, ਜਿਸ ਨੂੰ ਕਿਸੇ ਵੀ ਥਾਂ ਤੋਂ ਪੁਲਿਸ ਐਪ ਜਾਂ ਵੈੱਬਸਾਈਟ ਨਾਲ ਆਸਾਨੀ ਨਾਲ ਕਨੈਕਟ ਕੀਤਾ ਜਾ ਸਕਦਾ ਹੈ।
ਪੰਜਾਬ ਪੁਲਿਸ ਇਨ੍ਹਾਂ  ਹਾਈਟੈੱਕ ਬੈਰੀਅਰਾਂ ਨੂੰ ਉਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਲਗਾਏਗੀ ਜਿਥੇ ਵਾਹਨਾਂ ਦੀ ਆਵਾਜਾਈ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਬੈਰੀਅਰ ਸਾਰੇ ਜ਼ਿਲ੍ਹਿਆਂ ਦੇ ਐਗਜ਼ਿਟ ਪੁਆਇੰਟਾਂ 'ਤੇ ਲਗਾਏ ਜਾਣਗੇ, ਜਿਥੋਂ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ ਅਤੇ ਜਿਵੇਂ ਹੀ ਕਿਸੇ ਵੀ ਵਾਹਨ ਦਾ ਰਿਕਾਰਡ ਚੋਰੀ ਹੋਏ ਵਾਹਨ ਨਾਲ ਮੇਲ ਖਾਂਦਾ ਹੈ ਤਾਂ ਪੁਲਿਸ ਉਸ ਨੂੰ ਤੁਰਤ ਕਾਬੂ ਕਰ ਲਵੇਗੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚੋਂ ਲੁੱਟ-ਖੋਹ ਕਰਨ ਵਾਲੇ, ਚੋਰ, ਲੁਟੇਰੇ, ਡਾਕੂ ਅਤੇ ਗੈਂਗਸਟਰ ਅਪਰਾਧ ਕਰਦੇ ਹਨ ਅਤੇ ਮੋਹਾਲੀ ਦੇ ਰਸਤੇ ਦੂਜੇ ਸੂਬਿਆਂ ਵਿਚ ਚਲੇ ਜਾਂਦੇ ਹਨ। ਮੋਹਾਲੀ ਇਕ ਸੰਵੇਦਨਸ਼ੀਲ ਇਲਾਕਾ ਹੈ। ਇਸ ਦੇ ਵੱਖ-ਵੱਖ ਨਿਕਾਸ ਪੁਆਇੰਟਾਂ 'ਤੇ ਬੈਰੀਅਰ ਲਗਾਏ ਜਾਣਗੇ ਤਾਂ ਜੋ ਇਥੋਂ ਨਿਕਲਣ ਵਾਲੇ ਵਾਹਨਾਂ ਦੀ ਆਸਾਨੀ ਨਾਲ ਚੈਕਿੰਗ ਕੀਤੀ ਜਾ ਸਕੇ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾ ਸਕੇ।