ਬੰਬੀਹਾ ਗੈਂਗ ਨੇ ਫਿਰ ਦਿੱਤੀ ਧਮਕੀ, ‘ ਇਹਨਾਂ 3 ਲੋਕਾਂ ਨੂੰ ਮਾਰੇ ਬਿਨ੍ਹਾਂ ਸਾਨੂੰ ਚੈਨ ਨਹੀਂ ਮਿਲੇਗਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bambiha group issues fresh threats to Bishnoi, Goldy Brar

 

ਚੰਡੀਗੜ੍ਹ: ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਕ ਵਾਰ ਫਿਰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਸਾਡੇ ਦੁਸ਼ਮਣ ਹਨ। ਉਹਨਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮਨਕੀਰਤ ਔਲਖ ਨੂੰ ਹਰ ਹਾਲ ਵਿਚ ਮਾਰਨਾ ਹੈ। ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Photo

ਪੋਸਟ ਵਿਚ ਬੰਬੀਹਾ ਗਰੁੱਪ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸ਼ਾਂਤਮਈ ਸੰਘਰਸ਼ ਵਿਚ ਸਾਥ ਦਿਓ। ਚੋਟੀ ਦੇ ਪੰਜਾਬੀ ਗਾਇਕ ਦੇ ਕਤਲ ਲਈ ਇਨਸਾਫ਼ ਲਈ ਕੈਂਡਲ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਵੋ। ਇਸ ਸੰਘਰਸ਼ ਨੂੰ ਵਿਗਾੜਨ ਲਈ ਕੁਝ ਸਰਕਾਰੀ ਬੰਦੇ ਮਾਹੌਲ ਖ਼ਰਾਬ ਕਰ ਸਕਦੇ ਹਨ। ਇਸ ਤੋਂ ਸਾਵਧਾਨ ਰਹੋ, ਕਿਸੇ ਵੀ ਹਾਲਤ ਵਿਚ ਹਿੰਸਾ ਨਾ ਕਰੋ। ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਸਰਕਾਰ ਨੂੰ ਮੌਕਾ ਮਿਲੇ।

Sidhu Moose wala

ਬੰਬੀਹਾ ਗਰੁੱਪ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਮੈਨੂੰ ਫੜਨ ਦੀ ਕੋਸ਼ਿਸ਼ ਨਾ ਕਰੋ। ਮੈਂ ਪੁਲਿਸ ਦੇ ਸਾਈਬਰ ਅਤੇ ਆਈਟੀ ਵਿੰਗ ਵਿਚ ਕੰਮ ਕਰਨ ਵਾਲੇ ਲੋਕਾਂ ਨਾਲੋਂ ਵੱਧ ਪੜ੍ਹਿਆ-ਲਿਖਿਆ ਹਾਂ। ਪੁਲਿਸ ਸਾਡੇ ਪਰਛਾਵੇਂ ਤੱਕ ਨਹੀਂ ਪਹੁੰਚ ਸਕਦੀ। ਬੰਬੀਹਾ ਗੈਂਗ ਨੇ ਕਿਹਾ ਕਿ ਮੈਂ ਸਿਰਫ਼ ਪੋਸਟ ਪਾਈ ਤਾਂ ਗ੍ਰਹਿ ਮੰਤਰਾਲੇ ਨੂੰ ਭਾਜੜਾਂ ਪੈ ਗਈਆਂ। ਉਹ ਲਾਰੈਂਸ ਅਤੇ ਜੱਗੂ ਨੂੰ ਬਚਾਉਣ ਲੱਗ ਪਏ,  ਜਿੰਨੇ ਮਰਜ਼ੀ ਪ੍ਰਬੰਧ ਕਰ ਲਓ, ਇਹ ਜ਼ਰੂਰ ਮਰਨਗੇ, ਇਹ ਸਾਡਾ ਵਾਅਦਾ ਹੈ।

Lawrence bishnoi

ਬੰਬੀਹਾ ਗੈਂਗ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਲਾਰੈਂਸ ਅਤੇ ਜੱਗੂ ਵਰਗੇ ਕਾਤਲਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਜਿਸ ਨੂੰ ਮਾਰਿਆ ਗਿਆ ਉਸ ਦੀ ਸੁਰੱਖਿਆ ਖੋਹ ਕੇ ਸਰਕਾਰ ਨੇ ਪੋਸਟ ਵੀ ਪਾ ਦਿੱਤੀ। ਜਿਸ ਕਰਕੇ ਪੰਜਾਬ ਸਰਕਾਰ ਨੇ ਖੁਦ ਮੂਸੇਵਾਲਾ ਦੇ ਕਾਤਲਾਂ ਦੀ ਰੇਕੀ ਦਾ ਕੰਮ ਕੀਤਾ। ਬੰਬੀਹਾ ਗੈਂਗ ਨੇ ਕਿਹਾ ਕਿ ਸਰਕਾਰ ਜਿੰਨੀ ਮਰਜ਼ੀ ਵਾਰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਜਾਵੇ। ਇਸ ਵਿਚ ਕੁਝ ਭ੍ਰਿਸ਼ਟ ਪੁਲਿਸ ਵਾਲੇ ਵੀ ਹਨ। ਇਸ ਤੋਂ ਬਾਅਦ ਬੰਬੀਹਾ ਗਰੁੱਪ ਨੇ ਪੰਜਾਬ ਪੁਲਿਸ ਨੂੰ ਵੀ ਧਮਕੀ ਦਿੱਤੀ। ਇਕ ਹੋਰ ਪੋਸਟ ਵਿਚ ਬੰਬੀਹਾ ਗਰੁੱਪ ਨੇ ਕਿਹਾ ਕਿ ਬਠਿੰਡਾ ਜੇਲ੍ਹ ’ਚ ਬੰਦ ਸਾਡੇ ਬੰਦਿਆਂ ਨੂੰ ਤੰਗ ਕੀਤਾ ਜਾ ਰਿਹਾ। ਜੇ ਇਹ ਬੰਦ ਨਾ ਹੋਇਆ ਤਾਂ ਧਮਕੀ ਨਹੀਂ ਸਿੱਧਾ ਕੰਮ ਕਰਾਂਗੇ।