ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੰਜ ਮੈਂਬਰੀ ਸੈੱਲ ਕਾਇਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਇਥੇ ਹੈੱਡਕੁਆਰਟਰ ...

heavy rain

ਚੰਡੀਗੜ੍ਹ :- ਪੰਜਾਬ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਇਥੇ ਹੈੱਡਕੁਆਰਟਰ ਉਤੇ ਪੰਜ ਮੈਂਬਰੀ 'ਸਟੇਟ ਡਿਜ਼ਾਸਟਰ ਰਿਸਪਾਂਸ ਸੈੱਲ' ਕਾਇਮ ਕੀਤਾ ਗਿਆ ਹੈ। ਵਿਭਾਗ ਵੱਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗਿਆ ਹੈ। ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਸੈੱਲ ਦੀ ਅਗਵਾਈ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਮਨੱਸਵੀ ਕੁਮਾਰ ਕਰਨਗੇ ਅਤੇ

ਨਿਗਰਾਨ ਤੇ ਮੁਲਾਂਕਣ ਅਫ਼ਸਰ (ਐਮਈਓ) ਸ੍ਰੀ ਪਰਦੀਪ ਸਿੰਘ ਬੈਂਸ ਇਸ ਸੈੱਲ ਦੇ ਇੰਚਾਰਜ ਹੋਣਗੇ। ਅੰਡਰ ਸੈਕਟਰੀ ਰੈਵੇਨਿਊ ਸ੍ਰੀ ਬਲਜੀਤ ਸਿੰਘ ਕੰਗ, ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਅਤੇ ਪ੍ਰਾਜੈਕਟ ਮੈਨੇਜਰ ਪੀਐਲਆਰਐਸ ਸੁਨੀਤਾ ਠਾਕੁਰ ਇਸ ਸੈੱਲ ਦੇ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰ ਪੰਜਾਬ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਵੇਲੇ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਚਾਅ ਅਤੇ ਰਾਹਤ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।

ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਐਮਈਓ ਪਰਦੀਪ ਬੈਂਸ ਅਤੇ ਬਲਜੀਤ ਸਿੰਘ ਕੰਗ ਵੱਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਟੀਮਾਂ ਅਤੇ ਸੂਬਾ ¡ਪੱਧਰ ਉਤੇ ਸਿੰਜਾਈ, ਡਰੇਨੇਜ, ਬਿਜਲੀ, ਸਿਹਤ, ਖੇਤੀਬਾੜੀ ਅਤੇ ਮਿੱਟੀ ਸੰਭਾਲ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਵੱਲੋਂ ਪ੍ਰਸ਼ਾਸਕੀ ਅਤੇ ਸੈਕਟੇਰੀਅਲ ਪੱਧਰ ਉਤੇ ਖਰਾਬੇ ਦੇ ਕੇਸਾਂ ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਇਨ੍ਹਾਂ ਦੇ ਤੇਜ਼ੀ ਨਾਲ ਨਿਪਟਾਰੇ ਵਿੱਚ ਮਦਦ ਕੀਤੀ ਜਾਵੇਗੀ।

ਵਿੱਤੀ ਕਮਿਸ਼ਨਰ ਮਾਲ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਸਬੰਧੀ ਕੀਤੇ ਗਏ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਦੇ ਖਾਣ-ਪੀਣ ਅਤੇ ਰਹਿਣ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਤਿਆਰ ਰਹਿਣ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ ਹੈ।