ਸਿਹਤ ਸਹੂਲਤਾਂ 'ਚ ਪੰਜਾਬ ਛੇਤੀ ਬਣੇਗਾ ਦੇਸ਼ ਦਾ ਨੰਬਰ-1 ਸੂਬਾ : ਬਲਬੀਰ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਬਤ ਸਿਹਤ ਬੀਮਾ ਯੋਜਨਾ ਤਹਿਤ ਇਕ ਮਹੀਨੇ ਦੌਰਾਨ 10,284 ਮਰੀਜ਼ਾਂ ਨੇ ਇਲਾਜ ਕਰਵਾਇਆ

Punjab would soon be a leading player in health care sector: Balbir Singh Sidhu

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 45.89 ਪਰਿਵਾਰਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਸਰਬਤ ਸਿਹਤ ਬੀਮਾ ਯੋਜਨਾ' ਤਹਿਤ ਮਹਿਜ਼ ਇਕ ਮਹੀਨੇ ਦੌਰਾਨ 10,284 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਹੈ।

ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਬੀਤੀ 20 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੀ ਇਸ ਸਕੀਮ ਵਿਚ 21 ਸਤੰਬਰ ਸ਼ਾਮ ਤਕ 10,284 ਮਰੀਜ ਦਾਖਲ ਹੋਏ ਹਨ ਅਤੇ ਜਿਸ ਨਾਲ ਹੁਣ ਤੱਕ ਮਰੀਜ਼ਾਂ ਦਾ 12.5 ਕਰੋੜ ਰੁਪਏ ਦਾ ਵਿੱਤੀ ਲਾਭ ਮਿਲਿਆ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਨੂੰ 5 ਲੱਖ ਰੁਪਏ ਤਕ ਦਾ ਇਲਾਜ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਕਰਵਾਇਆ ਜਾਂਦਾ ਹੈ।  

ਸਿਹਤ ਮੰਤਰੀ ਨੇ ਦੱਸਿਆ ਕਿ ਲਾਭਪਾਤਰੀ ਇਸ ਸਕੀਮ ਵਿਚ ਆਪਣੀ ਨਾਂ ਬਾਰੇ ਪਤਾ ਕਰਨ ਅਤੇ ਹੋਰ ਜਾਣਕਾਰੀ ਲੈਣ ਲਈ ਵਿਭਾਗ ਦੀ ਵੈੱਬਸਾਈਟ www.shapunjab.com ਤੋਂ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ  ਇਸ ਦੇ ਨਾਲ ਹੀ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਨਵਾਉਣ ਦੇ ਲਈ ਆਪਣੇ ਨਜਦੀਕ ਕਾਮਨ ਸਰਵਿਸ ਸੈਂਟਰ ( ਸੀ.ਐੱਸ.ਸੀ ) ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਨਜਦੀਕੀ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲ ਵਿਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਕਾਮਨ ਸਰਵਿਸ ਕੇਂਦਰਾਂ ਵਿਚ ਕੇਵਲ 30 ਰੁਪਏ 'ਚ ਪ੍ਰਤੀ ਈ-ਕਾਰਡ ਜਾਰੀ ਕੀਤਾ ਜਾਂਦਾ ਹੈ ਅਤੇ ਜੇ ਕੋਈ ਵਿਅਕਤੀ ਤੁਹਾਡੇ ਕੋਲੋਂ ਜਿਆਦਾ ਰਕਮ ਲਈ ਗਈ ਹੈ ਤਾਂ ਇਸ ਸਬੰਧੀ ਸ਼ਿਕਾਇਤ ਸਬੰਧਤ ਇਲਾਕੇ ਦੇ ਸਿਵਲ ਸਰਜਨ ਜਾਂ 104 ਹੈਲਪਲਾਈਨ ਨੰਬਰ 'ਤੇ ਕੀਤੀ ਜਾ ਸਕਦੀ ਹੈ।

ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਯੋਜਨਾ ਦੇ ਅਧੀਨ ਹੁਣ ਤੱਕ 28 ਲੱਖ ਤੋਂ ਵੱਧ ਲੋਕਾਂ ਦੇ ਈ- ਕਾਰਡ ਵੀ ਬਣ ਚੁੱਕੇ ਹਨ ਅਤੇ ਇਸ ਕੰਮ ਨੂੰ ਨੇਪੜੇ ਚਾੜਨ ਲਈ ਸਾਂਝੇ ਸੇਵਾ ਕੇਂਦਰਾਂ (ਸੀ.ਐਸ.ਸੀ.) 'ਤੇ ਕਾਰਡ ਬਣਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ। ਉਨ੍ਹਾਂ ਦਸਿਆ ਕਿ ਇਸ ਸਕੀਮ ਵਿਚ ਸਮਾਜਿਕ ਆਰਥਿਕ ਜਾਤ ਮਰਦਮਸ਼ੁਮਾਰੀ 2011 ਵਿਚ ਪੰਜੀਕ੍ਰਿਤ ਪਰਿਵਾਰਾਂ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਮਜਦੂਰਾਂ, ਛੋਟੇ ਅਤੇ ਸਿਮਾਂਤ ਕਿਸਾਨਾਂ ਅਤੇ ਪੀਲੇ ਕਾਰਡ ਧਾਰਕ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵਲੋਂ 45.89 ਲੱਖ ਪਰਵਾਰਾਂ  (ਸੂਬੇ ਦੀ 75 ਫੀਸਦੀ ਆਬਾਦੀ) ਨੂੰ ਕਵਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਕੇ 5 ਲੱਖ ਰੁਪਏ ਤਕ ਦੀ ਮੁਫ਼ਤ ਸਿਹਤ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ । ਇਹ ਸਕੀਮ ਸੂਬੇ ਦੇ 472 ਤੋਂ ਵੱਧ ਹਸਪਤਾਲਾਂ ਵਿਚ ਚੱਲ ਰਹੀ ਹੈ ਅਤੇ ਲਾਭਪਾਤਰੀਆਂ ਨੂੰ 1396 ਵੱਖ ਵੱਖ ਪੈਕੇਜਾਂ ਦੇ ਅਧੀਨ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ