30 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ : ਬਲਬੀਰ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਸਤੰਬਰ ਤਕ 2.10 ਲੱਖ ਨੌਕਰੀਆਂ ਦੇਣ ਦਾ ਟੀਚਾ

5th Mega Job Fair: 30000 jobs provided to the unemployed youth in the 1st phase : Balbir Singh Sidhu

ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਮੁੱਖ ਪ੍ਰੋਗਰਾਮ ‘ਘਰ-ਘਰ ਰੁਜ਼ਗਾਰ’ ਸਕੀਮ ਤਹਿਤ 9 ਸਤੰਬਰ ਤੋਂ ਸੂਬੇ ਭਰ ਵਿੱਚ ਸ਼ੁਰੂ ਹੋਏ ਪੰਜਵੇਂ ਮੈਗਾ ਰੋਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ 30 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਹਨ। ਰੁਜ਼ਗਾਰ ਮੇਲਿਆਂ ਦੇ ਇਸ ਪੰਜਵੇਂ ਪੜਾਅ ਦੌਰਾਨ ਕੁੱਲ 2.10 ਲੱਖ ਨੌਕਰੀਆਂ ਮੁਹੱਈਆ ਕੀਤੀਆਂ ਜਾਣਗੀਆਂ। ਇਹ ਖੁਲਾਸਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਚੰਡੀਗੜ ਗਰੁੱਪ ਆਫ਼ ਕਾਲਜਿਜ਼, ਲਾਂਡਰਾਂ ਵਿਖੇ ‘ਮੈਗਾ ਜੌਬ ਤੇ ਸੈਲਫ ਇੰਪਲਾਇਮੈਂਟ ਮੇਲੇ’ ਦਾ ਉਦਘਾਟਨ ਕਰਦਿਆਂ ਕੀਤਾ।

ਉਦਘਾਟਨੀ ਸੈਸ਼ਨ ਮਗਰੋਂ ਸਿੱਧੂ ਨੇ 500 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਵਿਦਿਆਰਥੀਆਂ ਨੂੰ ਸਾਲਾਨਾ 10 ਲੱਖ ਤੋਂ 30 ਲੱਖ ਰੁਪਏ ਤੱਕ ਦੇ ਪੈਕੇਜ ਉਤੇ ਨੌਕਰੀਆਂ ਦੀ ਪੇਸ਼ਕਸ਼ ਹੋਈ। ਆਪਣੇ ਉਦਘਾਟਨੀ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੂਰਅੰਦੇਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਅਤੇ ਹੁਣ ਤੱਕ 9 ਲੱਖ ਬੇਰੁਜ਼ਗਾਰਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆਂ ਜ਼ਰੀਏ ਨੌਕਰੀਆਂ ਮੁਹੱਈਆ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀ.ਜੀ.ਸੀ. ਲਾਂਡਰਾਂ, ਐਸ.ਏ.ਐਸ. ਨਗਰ ਵਿਚ ਦੋ ਦਿਨਾਂ ਤੱਕ ਲੱਗਣ ਵਾਲੇ ਇਸ ਰੁਜ਼ਗਾਰ ਮੇਲੇ ਦੌਰਾਨ 6000 ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਜਾਣਗੇ।

ਸਿੱਧੂ ਨੇ ਦਸਿਆ ਕਿ ਪੰਜਵੇਂ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿਚ 10 ਹਜ਼ਾਰ ਵਿਦਿਆਰਥੀਆਂ ਨੇ ਖ਼ੁਦ ਨੂੰ ਸਵੈ ਰੋਜ਼ਗਾਰ ਸਕੀਮ ਅਧੀਨ ਰਜਿਸਟਰਡ ਕੀਤਾ ਹੈ ਅਤੇ ਪੰਜਾਬ ਸਰਕਾਰ ਇਨਾਂ ਵਿਦਿਆਰਥੀਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਕਰਜ਼ਾ ਦਿਵਾਉਣ ਵਿਚ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 2500 ਵਿਦਿਆਰਥੀਆਂ ਨੇ ਹੁਨਰ ਵਿਕਾਸ ਸਿਖਲਾਈ ਲਈ ਨਾਂ ਦਰਜ ਕਰਵਾਇਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਮਿਸ਼ਨ ਅਧੀਨ ਮੁਫ਼ਤ ਸਿਖਲਾਈ ਦਿਵਾਈ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ 21 ਸਤੰਬਰ, 2019 ਤੋਂ ਸ਼ੁਰੂ ਹੋਣ ਵਾਲੇ ਪੰਜਵੇਂ ਮੈਗਾ ਰੁਜ਼ਗਾਰ ਮੇਲੇ ਦੇ ਦੂਜੇ ਪੜਾਅ ਦੌਰਾਨ ਪੰਜਾਬ ਸਰਕਾਰ ਸੂਬੇ ਭਰ ਦੀਆਂ 74 ਥਾਵਾਂ ਉਤੇ ਰੁਜ਼ਗਾਰ ਮੇਲੇ ਲਗਾਏਗੀ। ਉਨ੍ਹਾਂ ਦਸਿਆ ਕਿ 30 ਸਤੰਬਰ 2019 ਤੱਕ 2.10 ਲੱਖ ਨੌਕਰੀਆਂ ਦੇਣ ਦਾ ਟੀਚਾ ਹਾਸਲ ਕੀਤਾ ਜਾਵੇਗਾ।

ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਤੇ ਹੁਨਰ ਦੇ ਹਿਸਾਬ ਨਾਲ ਪੈਕੇਜ ਮੁਹੱਈਆ ਕੀਤੇ ਗਏ ਹਨ। ਉਨਾਂ ਕਿਹਾ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ ਸਕੂਲੀ ਪੜਾਈ ਵਿਚਾਲੇ ਛੱਡਣ ਵਾਲਿਆਂ ਨੂੰ ਵੀ ਨੌਕਰੀਆਂ ਦਿਵਾਈਆਂ ਗਈਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਆਈ.ਟੀ. ਸਿਟੀ ਮੋਹਾਲੀ ਭਾਰਤ ਭਰ ਵਿੱਚੋਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਸਭ ਤੋਂ ਵੱਡੇ ਖੇਤਰ ਵਜੋਂ ਉੱਭਰੇਗੀ, ਕਿਉਂਕਿ ਇੱਥੇ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਆਪਣਾ ਕਿਆਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਸਣੇ ਕਈ ਕੌਮਾਂਤਰੀ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਵੀ ਆਈ.ਟੀ. ਸਿਟੀ, ਮੋਹਾਲੀ ਦਾ ਰੁਖ਼ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਸੀ.ਜੀ.ਸੀ. ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਸੰਸਥਾ ਨੇ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟਿਆ ਹੈ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਆਪਣੇ ਰੁਜ਼ਗਾਰ ਮੇਲੇ ਵਿਚ 637 ਕੰਪਨੀਆਂ ਨੂੰ ਬੁਲਾ ਕੇ 6000 ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਅਤੇ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿਚ ਨਾਮ ਦਰਜ ਕਰਵਾਇਆ ਹੈ।