ਕਿਸਾਨਾਂ ਲਈ ਲੰਗਰ-ਪਾਣੀ ਲੈ ਕੇ ਸ਼ੰਭੂ ਬਾਰਡਰ 'ਤੇ ਪੁੱਜੀ 'ਖ਼ਾਲਸਾ ਏਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੰਭੂ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਖ਼ਾਲਸਾ ਏਡ ਨੇ ਲਾਏ ਲੰਗਰ

KHALSA AID

ਸ਼ੰਭੂ: ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਚੁੱਕੇ ਨੇ। ਇਸੇ ਦੌਰਾਨ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਵੀ ਸ਼ੰਭੂ ਬਾਰਡਰ 'ਤੇ ਪਹੁੰਚਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਲੈ ਕੇ ਪਹੁੰਚ ਗਈ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼ੰਭੂ ਬਾਰਡਰ ਪੁੱਜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਖ਼ਾਲਸਾ ਏਡ ਵਾਲੇ ਕਿਸਾਨਾਂ ਤੋਂ ਵੀ ਪਹਿਲਾਂ ਸ਼ੰਭੂ ਪਹੁੰਚ ਚੁੱਕੇ ਨੇ ਤਾਂ ਜੋ ਇੱਥੇ ਆਉਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਕਰ ਸਕਣ।

ਇਸ ਤੋਂ ਪਹਿਲਾਂ ਖ਼ਾਲਸਾ ਏਡ ਪਟਿਆਲਾ ਹੈੱਡ ਆਫਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਵੱਲੋਂ ਸ਼ੰਭੂ ਬਾਰਡਰ ਸਮੇਤ ਪੰਜਾਬ ਦੇ ਹੋਰ ਕਈ ਸ਼ਹਿਰਾਂ ਵਿਚ ਕਿਸਾਨਾਂ ਲਈ ਲੰਗਰ ਲਗਾਏ ਜਾਣਗੇ।

ਦੱਸ ਦੇਈਏ ਕਿ ਖ਼ਾਲਸਾ ਏਡ ਨੇ ਪੰਜਾਬ ਵਿਚ ਆਏ ਹੜ੍ਹਾਂ ਸਮੇਂ ਵੀ ਕਿਸਾਨਾਂ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਸੀ। ਖ਼ਾਲਸਾ ਏਡ ਵੱਲੋਂ ਕਈ ਥਾਵਾਂ 'ਤੇ ਜਿੱਥੇ ਕਿਸਾਨਾਂ ਨੂੰ ਬੀਜ, ਖਾਦਾਂ, ਦਵਾਈਆਂ ਆਦਿ ਦਿੱਤੀਆਂ ਗਈਆਂ ਸਨ, ਉਥੇ ਹੀ ਬਹੁਤ ਥਾਵਾਂ 'ਤੇ ਟ੍ਰੈਕਟਰ ਵੀ ਦਿੱਤੇ ਗਏ ਸਨ ਤਾਂ ਜੋ ਆਰਥਿਕ ਪੱਖੋਂ ਟੁੱਟੇ ਕਿਸਾਨਾਂ ਨੂੰ ਮੁੜ ਤੋਂ ਖੜ੍ਹਾ ਕੀਤਾ ਜਾ ਸਕੇ।