ਸੈਲਫੀਆਂ ਲੈਣ ਲਈ ਪਾਗਲ ਹੋਏ ਨੌਜਵਾਨ, ਧਰਨੇ ‘ਚ ਕਿਸਾਨਾਂ ਨੂੰ ਛੱਡ ਭੱਜੇ ਸਿੰਗਰਾਂ ਪਿੱਛੇ
ਧਰਨੇ ਦੌਰਾਨ ਕਲਾਕਾਰਾਂ ਪਿੱਛੇ ਕਮਲੇ ਹੋਏ ਪੰਜਾਬ ਦੇ ਨੌਜਵਾਨ
ਨਾਭਾ (ਲੰਕੇਸ਼ ਤ੍ਰਿਖਾ): ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਪੂਰੇ ਸੂਬੇ ਵਿਚ ਪ੍ਰਦਰਸ਼ਨ ਚੱਲ ਰਹੇ ਹਨ। ਕਿਸਾਨਾਂ ਦਾ ਸਾਥ ਦੇਣ ਲਈ ਨੌਜਵਾਨ, ਕਲਾਕਾਰ, ਸਿਆਸੀ ਨੇਤਾ ਅਤੇ ਹੋਰ ਵਰਗ ਦੇ ਲੋਕਾਂ ਨੇ ਵੀ ਇਹਨਾਂ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਇਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਦੀ ਇਕ ਹੈਰਾਨੀਜਨਕ ਤਸਵੀਰ ਦੇਖਣ ਨੂੰ ਮਿਲੀ।
ਜਾਣ ਕੇ ਬੜਾ ਦੁੱਖ ਹੋਵੇਗਾ ਕਿ ਅਪਣੇ ਹੱਕਾਂ ਲਈ ਰੇਲਵੇ ਦੀਆਂ ਪਟੜੀਆਂ ਅਤੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਬਜ਼ੁਰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਣ ਲਈ ਪਾਗਲ ਹੋ ਗਏ। ਇਸ ਦੌਰਾਨ ਉਹ ਇਹ ਭੁੱਲ ਗਏ ਕਿ ਉਹ ਇੱਥੇ ਸਿੰਗਰਾਂ ਨਾਲ ਫੋਟੋਆਂ ਖਿਚਾਉਣ ਲਈ ਨਹੀਂ ਬਲਕਿ ਅਪਣੇ ਹੱਕ ਲੈਣ ਲਈ ਆਏ ਹਨ।
ਹਾਲਾਂਕਿ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਕੁਝ ਨੌਜਵਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਸੈਲਫੀਆਂ ਨਹੀਂ ਲੈ ਰਹੇ ਬਲਕਿ ਸਿੰਗਰਾਂ ਦੇ ਇੰਟਰਵਿਊ ਦੇਖ ਰਹੇ ਨੇ ਜਦਕਿ ਇਹ ਸਾਰੀ ਤਸਵੀਰ ਕੈਮਰੇ ਵਿਚ ਚੰਗੀ ਤਰ੍ਹਾਂ ਕੈਦ ਹੋਈ। ਵੱਡੀ ਗਿਣਤੀ ਵਿਚ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਂਦੇ ਨਜ਼ਰ ਆਏ ਜਦਕਿ ਕਈ ਸਿੰਗਰਾਂ ਨੇ ਉਹਨਾਂ ਨੂੰ ਮਨ੍ਹਾਂ ਵੀ ਕੀਤਾ।
ਰਣਜੀਤ ਬਾਵਾ ਨਾਲ ਸੈਲਫੀ ਲੈਣ ਲਈ ਕਈ ਨੌਜਵਾਨਾਂ ਨੇ ਤਾਂ ਆਪਸ ਵਿਚ ਧੱਕਾ-ਮੁੱਕੀ ਵੀ ਕੀਤੀ। ਨੌਜਵਾਨਾਂ ਦੀ ਭੀੜ ਦੇਖ ਕੇ ਸਿੰਗਰ ਵੀ ਤੇਜ਼ੀ ਨਾਲ ਉੱਥੋਂ ਨਿਕਲ ਗਏ। ਇਹ ਹਾਲ ਉਸ ਨੌਜਵਾਨ ਪੀੜੀ ਦਾ ਹੈ, ਜਿਸ ‘ਤੇ ਸਾਡੇ ਬਜ਼ੁਰਗਾਂ ਅਤੇ ਦੇਸ਼ ਨੂੰ ਮਾਣ ਹੈ।
ਇਸ ਦੌਰਾਨ ਇਕ ਨੌਜਵਾਨ ਨੇ ਸੈਲਫੀਆਂ ਲੈਂਦੇ ਨੌਜਵਾਨਾਂ ਨੂੰ ਲਾਹਣਤਾਂ ਪਾਈਆਂ ਤੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉੱਥੇ ਮੌਜੂਦ ਕਈ ਲੋਕਾਂ ਨੇ ਨੌਜਵਾਨਾਂ ਦੇ ਅਜਿਹੇ ਵਰਤਾਅ ‘ਤੇ ਸ਼ਰਮਿੰਦਗੀ ਜ਼ਾਹਿਰ ਕੀਤੀ। ਸੈਲਫੀਆਂ ਲੈਂਦੇ ਨੌਜਵਾਨ ਪੱਤਰਕਾਰ ‘ਤੇ ਵੀ ਔਖੇ ਹੋ ਗਏ।
ਅੱਜ ਬੜੇ ਮਾਣ ਨਾਲ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸੰਘਰਸ਼ ਵਿਚ ਨੌਜਵਾਨ ਉਹਨਾਂ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ। ਜ਼ਿਆਦਾਤਰ ਨੌਜਵਾਨ ਕਿਸਾਨਾਂ ਦੇ ਹੱਕ ਲੈਣ ਨਹੀਂ ਬਲਕਿ ਸਿੰਗਰਾਂ ਨਾਲ ਸੈਲਫੀਆਂ ਲੈਣ ਆਏ। ਨੌਜਵਾਨਾਂ ਦਾ ਅਜਿਹਾ ਵਰਤਾਅ ਦੇਸ਼ ਦੇ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।