ਮੋਦੀ ਸਰਕਾਰ ‘ਤੇ ਭੜਕੇ ਖਹਿਰਾ, ਕਿਹਾ ਪੰਜਾਬੀਆਂ ਨਾਲ ਵਿਤਕਰੇ ਦੀ ਦਾਸਤਾਂ ਕੋਈ ਅੱਜ ਦੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ ਸੁਖਪਾਲ ਸਿੰਘ ਖਹਿਰਾ

Sukhpal Singh Khaira join farmer protest at Nadala

ਕਪੂਰਥਲਾ: ਕਿਸਾਨ ਵਿਰੋਧੀ ਬਿਲਾਂ ਖਿਲਾਫ ਜਾਰੀ ਪ੍ਰਦਰਸ਼ਨ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ। ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਵਿਚ ਅੱਜ ਸਾਰੀਆਂ ਜਥੇਬੰਦੀਆਂ ਤੇ ਹੋਰ ਕਿਸਾਨ ਸਮਰਥਕਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਪੰਜਾਬ ਵਿਚ ਹਰ ਵਰਗ ਦੇ ਲੋਕ ਇਕਜੁੱਟ ਹਨ।

ਉਹਨਾਂ ਕਿਹਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਵੀਰਾਂ ਨੇ ਮੋਦੀ ਸਾਬ੍ਹ ਨੂੰ ਸੁਨੇਹਾ ਦਿੱਤਾ ਕਿ ਉਹਨਾਂ ‘ਤੇ ਕੋਈ ਵੀ ਕਾਨੂੰਨ ਧੱਕੇ ਨਾਲ ਨਹੀਂ ਥੋਪਿਆ ਜਾ ਸਕਦਾ। ਖਹਿਰਾ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਦਾ ਧੂੰਆਂ ਤਾਂ ਦਿੱਲੀ ਨੂੰ ਬਹੁਤ ਛੇਤੀ ਦਿਖ ਜਾਂਦਾ ਹੈ ਪਰ ਮੋਦੀ ਸਰਕਾਰ ਨੂੰ ਪਿਛਲੇ 10-12 ਦਿਨਾਂ ਤੋਂ ਪੰਜਾਬ ਵਿਚ ਸੜਕਾਂ, ਰੇਲ ਪਟੜੀਆਂ ਤੇ ਮੰਡੀਆਂ ਵਿਚ ਬੈਠਾ ਕਿਸਾਨ ਨਹੀਂ ਦਿਖ ਰਿਹਾ, ਜੋ  ਕੋਰੋਨਾ ਮਹਾਂਮਾਰੀ ਤੇ ਧੁੱਪ ਨੂੰ ਭੁੱਲ ਕੇ ਤੇ ਅਪਣੇ ਕਾਰੋਬਾਰ ਛੱਡ ਕੇ ਧਰਨੇ ਦੇ ਰਿਹਾ ਹੈ।

ਉਹਨਾਂ ਕਿਹਾ ਪੰਜਾਬ ਨਾਲ ਵਿਤਕਰੇ ਦੀ ਦਾਸਤਾਂ ਕੋਈ ਅੱਜ ਦੀ ਨਹੀਂ ਹੈ, ਪੰਜਾਬ ਨੂੰ ਕਾਫ਼ੀ ਸਮੇਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਤੇ ਸਿੱਖਾਂ ਨੇ ਦਿੱਤੀਆਂ ਹਨ।

ਉਹਨਾਂ ਕਿਹਾ ਦੇਸ਼ ਦੀ ਵੰਡ ਸਮੇਂ ਪੰਜਾਬੀਆਂ ਨੇ ਭਾਰਤ ਵਿਚ ਰਹਿਣ ਦਾ ਫੈਸਲਾ ਕੀਤਾ ਪਰ ਕੇਂਦਰ ਸਰਕਾਰ ਦੀ ਇਹ ਪੁਰਾਣੀ ਨੀਤੀ ਹੈ ਕਿ ਉਸ ਨੇ ਪੰਜਾਬ ਨਾਲ ਫਰਕ ਕੀਤਾ ਤੇ ਪੰਜਾਬ ਦੇ ਪਾਣੀਆਂ ਦਾ ਫੈਸਲਾ ਵੀ ਕੇਂਦਰ ਨੇ ਆਪ ਹੀ ਕਰ ਦਿੱਤਾ। ਉਹਨਾਂ ਕਿਹਾ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ।