ਕਿਸਾਨਾਂ ਨੇ ਮੋਦੀ ਤੇ ਅੰਬਨੀ-ਅੰਡਾਨੀ ਦੇ ਪੁਤਲੇ ਨੂੰ ਟ੍ਰੈਕਟਰ ਪਿੱਛੇ ਬੰਨ ਸ਼ਹਿਰ ‘ਚ ਘੁਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਤੇ ਉਸ ਦੇ ਸਾਥੀਆਂ ਨੂੰ ਗਲਤੀ ਦਾ ਅਹਿਸਾਸ ਦਿਵਾਉਣ ਤੋਂ ਬਾਅਦ ਹੀ ਅਸੀਂ ਘਰ ਵਾਪਸ ਜਾਵਾਂਗੀਆਂ ਉਦੋਂ ਤੱਕ ਸਾਡੇ ਡੇਰੇ ਸੜਕਾਂ 'ਤੇ ਹੀ ਰਹਿਣਗੇ- ਕਿਸਾਨ ਬੀਬੀਆਂ

Farmer Protest

ਮੋਗਾ(ਅਮਜ਼ਦ ਖਾਨ): ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਦੁਸਹਿਰੇ ਮੌਕੇ ਮੋਗਾ ਦੀ ਨੇਚਰਵੇ ਪਾਰਕ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਦੇ ਨਾਲ ਹੀ ਸਥਾਨਕ ਰੇਲਵੇ ਰੋਡ 'ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਤੇ ਉਸ ਦੇ ਸਮਰਥਕਾਂ ਦਾ ਵਿਸ਼ਾਲ ਪੁਤਲਾ ਬਣਾ ਕੇ ਬਾਜ਼ਾਰਾਂ ਵਿਚ ਘੁੰਮਦਿਆਂ ਹੋਇਆਂ ਕੂੜੇ ਦੇ ਡੰਪ ਦੇ ਸੁੱਟਿਆ ਗਿਆ।

ਦੱਸ ਦਈਏ ਕਿ ਅੱਜ ਦੇਸ਼ ਭਰ ਵਿਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪੀਐਮ ਮੋਦੀ ਸਮੇਤ ਅੰਬਾਨੀ-ਅਡਾਨੀ ਦੇ ਪੁਤਲੇ ਫੂਕਣ ਦਾ ਐਲ਼ਾਨ ਕੀਤਾ ਸੀ। ਇਸ ਦੇ ਚਲਦਿਆਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। 

ਸਥਾਨਕ ਨੇਚਰਵੇ ਪਾਰਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਅਤੇ ਦੇਸ਼ ਦੇ ਕਈ ਵੱਡੇ ਘਰਾਣਿਆਂ ਦੇ ਮਾਲਕ ਅਡਾਨੀ-ਅੰਬਾਨੀ ਸਮੇਤ ਬਾਬਾ ਰਾਮਦੇਵ ਤੇ ਹੋਰ ਕਈ ਵੱਡੇ ਲੀਡਰਾਂ ਦਾ ਵਿਸ਼ਾਲ ਪੁਤਲਾ ਬਣਾਇਆ ਗਿਆ।

ਇਸ ਪੁਤਲੇ ਨੂੰ ਰੇਲਵੇ ਸਟੇਸ਼ਨ ਤੋਂ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਸ਼ਹਿਰ ਦੇ ਮੇਨ ਬਾਜ਼ਾਰਾਂ ਵਿਚ ਘੁਮਾਉਣ ਤੋਂ ਬਾਅਦ  ਰੇਲਵੇ ਰੋਡ ਉਪਰ ਬਣੇ ਕੂੜੇ ਦੇ ਡੰਪ ਵਿਚ ਲਿਜਾ ਕੇ ਸੁੱਟ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਇਸੇ ਕਾਬਲ ਹੈ।  

ਇਸ ਮੌਕੇ ਕਿਸਾਨ ਆਗੂ ਸੂਰਤ ਸਿੰਘ ਅਤੇ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਅਜੇ ਤਾਂ ਸੰਘਰਸ਼ ਦੀ ਸ਼ੁਰੂਆਤ ਹੋਈ ਹੈ ਜਦੋਂ ਤਕ ਮੋਦੀ ਸਰਕਾਰ ਅਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਕਿਸਾਨਾਂ ਦਾ ਸੰਘਰਸ਼  ਜਾਰੀ ਰਹੇਗਾ। ਇਸ ਮੌਕੇ ਕਈ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਹਨਾਂ ਬੀਬੀਆਂ ਨੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।