ਮੁੱਖ ਮੰਤਰੀ ਦੇ ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ-ਮੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਰੁਜ਼ਗਾਰ ਡੀਪੀਈ ਅਤੇ ਬੀਐੱਡ ਅਧਿਆਪਕਾਂ ਨੇ ਮੁੱਖ-ਮੰਤਰੀ ਅਤੇ ਸਿੱਖਿਆ ਮੰਤਰੀ ਦੇ -ਫੂਕੇ- ਪੁਤਲੇ

Protest

ਪਟਿਆਲਾ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਡੀਪੀਈ (873) ਅਧਿਆਪਕ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਇਥੇ ਮੋਤੀ-ਮਹਿਲ ਦੇ ਘਿਰਾਓ ਸਮੇਂ ਜ਼ਬਰਦਸਤ ਰੋਸ-ਪ੍ਰਦਰਸ਼ਨ ਹੋਇਆ । ਮਹਿਲ ਦੇ ਦਰਵਾਜ਼ੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਪੁਤਲੇ ਫੂਕਣ ਦੀ ਜ਼ਿੱਦ 'ਤੇ ਅੜੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਕਾਫ਼ੀ ਧੱਕਾ-ਮੁੱਕੀ ਹੋਈ । ਆਖ਼ਿਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੁਤਲੇ ਫੂਕੇ ਜਾਣ ਉਪਰੰਤ ਮਾਮਲਾ ਸ਼ਾਂਤ ਹੋਇਆ ਅਤੇ ਪ੍ਰਸ਼ਾਸਨ ਵੱਲੋਂ ਦੋਵਾਂ ਯੂਨੀਅਨਾਂ -ਬੇਰੁਜ਼ਗਾਰ ਡੀਪੀਈ(873) ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਮੁੱਖ-ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 27 ਅਕਤੂਬਰ ਦੀ ਪੈੱਨਲ-ਮੀਟਿੰਗ ਤੈਅ ਕਰਵਾਈ ਗਈ।

ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ 873 ਅਸਾਮੀਆਂ 'ਚ ਉਮਰ ਹੱਦ ਵਿੱਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਦੀ ਗੱਲ ਕੀਤੀ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਹਨਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਹਨਾਂ ਵਿਸ਼ਿਆਂ ਦੀਆਂ ਅਸਾਮੀਆ 'ਚ ਵਾਧਾ ਕਰਨ ਕਰਨ, ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।

ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਬੇਰੁਜ਼ਗਾਰ ਡੀਪੀਈ(873) ਅਧਿਆਪਕ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਘੁਮਾਣ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।ਇਸ ਮੌਕੇ ਦੋਵਾਂ ਯੂਨੀਅਨਾਂ ਦੇ ਪ੍ਰਮੁੱਖ ਆਗੂਆਂ 'ਚੋਂ ਹਰਬੰਸ ਸਿੰਘ ਬਰਨਾਲਾ, ਨਵੀਨ ਗੁਰਦਾਸਪੁਰ, ਹਰਦੀਪ ਪਾਤੜਾਂ, ਦਿਲਬਾਗ ਲੰਬੀ , ਰਣਬੀਰ ਨਦਾਮਪੁਰ , ਗੁਰਮੇਲ ਬਰਗਾੜੀ, ਕੁਲਵਿੰਦਰ ਜਗਰਾਓਂ, ਬਲਕਾਰ ਮੰਘਾਣੀਆਂ , ਤਜਿੰਦਰ ਸਿੰਘ ਮਾਨਾਂਵਾਲਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਨੌਜਵਾਨ ਆਗੂ ਨਵਕਿਰਨ ਪੱਤੀ ਅਤੇ ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਵੀ ਹਾਜ਼ਰ ਸਨ।