ਪੰਜਾਬ ਦੇ ਪਹਿਲਾਂ ਹੀ ਕਈ ਟੋਟੇ ਹੋਏ ਨੇ, ਹੁਣ ਕੈਪਟਨ-ਚੰਨੀ ਨੇ ਅੱਧਾ ਪੰਜਾਬ ਗਹਿਣੇ ਰੱਖ ਦਿੱਤਾ: ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਨੁਸਾਰ ਕੰਮ ਕਰਦੇ ਰਹੇ- ਭਗਵੰਤ ਮਾਨ

Bhagwant Mann

ਚੰਡੀਗੜ੍ਹ (ਅਮਨਪ੍ਰੀਤ ਕੌਰ): ਬੀਐਸਐਫ ਦੇ ਮੁੱਦੇ ਨੂੰ ਲੈ ਕੇ ਹੋਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਹਿਲਾਂ ਹੀ ਕਈ ਟੋਟੇ ਹੋਏ ਹਨ, ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੇ ਅੱਧਾ ਪੰਜਾਬ ਗਹਿਣੇ ਰੱਖ ਦਿੱਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਨੁਸਾਰ ਕੰਮ ਕਰਦੇ ਰਹੇ। ਇਸ ਦੇ ਪਿੱਛੇ ਕਾਰਨ ਸ਼ਾਇਦ ਕੇਂਦਰ ਕੋਲ ਉਹਨਾਂ ਦੇ ਪਰਿਵਾਰ ਦੀਆਂ ਈਡੀ ਦੀਆਂ ਫਾਇਲਾਂ ਪਈਆਂ ਹੋਣਗੀਆਂ। ਭਾਜਪਾ ਅਪਣੀ ਮਰਜ਼ੀ ਨਾਲ ਪੰਜਾਬ ਵਿਚ ਕੰਮ ਕਰਦੀ ਰਹੀ। ਉਹਨਾਂ ਕਿਹਾ ਕਿ ਹੁਣ ਭਾਜਪਾ ਨੇ ਸ਼ਾਇਦ ਸੀਐਮ ਚੰਨੀ ਨੂੰ ਫਾਇਲਾਂ ਦੇ ਚੱਕਰ ਵਿਚ ਫਸਾ ਲਿਆ ਹੈ ਤਾਂ ਹੀ ਉਹ ਅੱਧਾ ਪੰਜਾਬ ਗਹਿਣੇ ਰੱਖ ਆਏ। ਭਗਵੰਤ ਮਾਨ ਨੇ ਸਵਾਲ ਕੀਤਾ ਕਿ ਪੰਜਾਬ ਤਾਂ ਪਹਿਲਾਂ ਹੀ ਕਈ ਵਾਰ ਵੰਡਿਆ ਗਿਆ, ਇਸ ਦੇ ਹੋਰ ਕਿੰਨੇ ਟੋਟੇ ਕਰੋਗੇ?

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਮੋਗਾ, ਫਰੀਦਕੋਟ, ਤਰਨਤਾਰਨ, ਫਾਜ਼ਿਲਕਾ, ਪਠਾਨਕੋਟ ਤੱਕ ਰਾਸ਼ਟਰਪਤੀ ਸਾਸ਼ਨ ਲੱਗਿਆ ਹੋਇਆ ਹੈ। ਚਰਨਜੀਤ ਸਿੰਘ ਚੰਨੀ ਦੀ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਬਾਰੇ ਉਹਨਾਂ ਕਿਹਾ ਕਿ ਜੇਕਰ ਉਹ ਰਸਮੀ ਤੌਰ ’ਤੇ ਗਏ ਸੀ ਤਾਂ ਹੁਣ ਕਿਉਂ ਨਹੀਂ ਗਏ? ਭਗਵੰਤ ਮਾਨ ਨੇ ਕਿਹਾ ਕਿ ਅਸੀਂ ਲੋਕ ਸਭਾ ਵਿਚ ਅਪਣਾ ਫਰਜ਼ ਨਿਭਾਵਾਂਗੇ।  ਉਹਨਾਂ ਕਿਹਾ ਕਿ ਸਰਕਾਰ ਸੰਵਿਧਾਨ ਦਾ ਸੱਤਿਆਨਾਸ਼ ਕਰ ਰਹੀ ਹੈ। ਸੰਵਿਧਾਨ ਵਿਚ ਕਾਨੂੰਨ-ਵਿਵਸਥਾ ਸਟੇਟ ਸਬਜੈਕਟ ਹੈ ਫਿਰ ਸਰਕਾਰ ਨੇ ਕਿਵੇਂ ਅੱਧਾ ਪੰਜਾਬ ਬੀਐਸਐਫ ਨੂੰ ਸੌਂਪ ਦਿੱਤਾ।

ਉਹਨਾਂ ਕਿਹਾ ਕਿ ਸਾਨੂੰ ਕਾਨੂੰਨੀ ਤੌਰ 'ਤੇ ਵੀ  ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ ਦੇ ਮੁੱਦਿਆਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ, ਨੌਜਵਾਨ ਟੈਂਕੀਆਂ ’ਤੇ ਚੜ ਕੇ ਬੈਠੇ ਹਨ, ਕੋਈ ਨਹਿਰਾਂ ਵਿਚ ਛਾਲ ਮਾਰ ਰਿਹਾ ਹੈ। ਨੌਜਵਾਨ ਮੰਤਰੀਆਂ ਦੀਆਂ ਕੋਠੀਆਂ ਬਾਹਰ ਟੈਂਟ ਲਗਾ ਕੇ ਬੈਠੇ ਹਨ। ਪੰਜਾਬ ਦਾ ਕੋਈ ਵਰਗ ਖੁਸ਼ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬੀਐਸਐਫ ਸਬੰਧੀ ਨੋਟਿਸ ਅਤੇ ਤਿੰਨ ਖੇਤੀ ਕਾਨੂੰਨ ਪੰਜਾਬ ਵਲੋਂ ਰੱਦ ਕਰਨੇ ਚਾਹੀਦੇ ਹਨ ਨਾ ਕਿ ਸੋਧ ਭੇਜੀ ਜਾਵੇ।