ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਵਿਖੇ ਨਤਮਸਤਕ ਹੋਏ CM ਚਰਨਜੀਤ ਸਿੰਘ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਈਕਲ ਯਾਤਰਾ ਦੌਰਾਨ ਚਾਰ ਸਾਲ ਪਹਿਲਾਂ ਵੀ ਏਸੇ ਪਵਿੱਤਰ ਅਸਥਾਨ ਉਤੇ ਰੁਕੇ ਸਨ ਮੁੱਖ ਮੰਤਰੀ

CM Channi at Gurdwara Shaheed Baba Tega Singh

ਚੰਦ ਪੁਰਾਣਾ (ਮੋਗਾ): ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਉਸੇ ਗੁਰਦੁਆਰਾ ਸਾਹਿਬ ਵਿਖੇ ਰਾਤ ਬਿਤਾਈ ਜਿੱਥੇ ਉਹ ਸਾਲ 2016 ਵਿਚ ਸਾਈਕਲ ਯਾਤਰਾ ਦੌਰਾਨ ਰੁਕੇ ਸਨ। ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਜਾਣੂੰ ਕਰਵਾਉਣ ਲਈ ਸੂਬੇ ਭਰ ਵਿਚ ਸਾਈਕਲ ਯਾਤਰਾ ਕੱਢੀ ਸੀ।

ਜਦੋਂ ਇਹ ਯਾਤਰਾ ਮੋਗਾ ਪਹੁੰਚੀ ਸੀ ਤਾਂ ਮੁੱਖ ਮੰਤਰੀ ਚੰਨੀ ਨੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਰਾਤ ਬਿਤਾਈ ਸੀ। ਹਾਲਾਂਕਿ, ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਨੇ ਮੋਗਾ ਦੇ ਦੌਰੇ ਦੌਰਾਨ ਕਈ ਸਮਾਗਮਾਂ ਵਿਚ ਸ਼ਿਰਕਤ ਕੀਤੀ ਤਾਂ ਉਹ ਕਿਸੇ ਹੋਟਲ, ਰੈਸਟ ਹਾਊਸ ਜਾਂ ਕਿਸੇ ਪਾਰਟੀ ਲੀਡਰ ਦੇ ਆਲੀਸ਼ਾਨ ਘਰ ਵਿਚ ਰੁਕਣ ਦੀ ਬਜਾਏ ਇਸੇ ਗੁਰਦੁਆਰਾ ਸਾਹਿਬ ਵਿਖੇ ਰੁਕਣ ਲਈ ਪਹੁੰਚੇ।

ਮੁੱਖ ਮੰਤਰੀ ਚੰਨੀ ਸ਼ਾਮ 6.40 ਵਜੇ ਇੱਥੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨਾਲ ਇਸ ਪਾਵਨ ਅਸਥਾਨ ਉਤੇ ਮੱਥਾ ਟੇਕਿਆ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਲੰਗਰ ਵੀ ਛਕਿਆ। ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਮੁੜ ਇਸ ਪਵਿੱਤਰ ਅਸਥਾਨ ਉਤੇ ਆ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਨਸੀਬ ਹੋਇਆ ਕਿਉਂ ਜੋ ਇਸ ਅਸਥਾਨ ਦੀ ਉਨ੍ਹਾਂ ਦੀ ਜਿੰਦਗੀ ਵਿਚ ਬੇਹੱਦ ਮਹੱਤਤਾ ਹੈ। ਮੁੱਖ ਮੰਤਰੀ ਨਾਲ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਡਾ. ਹਰਜੋਤ ਕਮਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਕੇ. ਯਾਦਵ ਤੇ ਹੋਰ ਹਾਜ਼ਰ ਸਨ।