ਨਸ਼ਾ ਤਸਕਰਾਂ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ: 13 ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਅਟੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਪੂਰਥਲਾ ਪੁਲਿਸ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨਸ਼ਾ ਸਮੱਗਲਰਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਨੂੰ ਸਰਕਾਰੀ ਤੌਰ ’ਤੇ ਅਟੈਚ ਕਰ ਚੁੱਕੀ ਹੈ।

Kapurthala police action against drug traffickers

 

ਕਪੂਰਥਲਾ: ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਪੂਰਥਲਾ ਸਬ-ਡਿਵੀਜ਼ਨ ਦੀ ਪੁਲਿਸ ਨੇ 13 ਨਸ਼ਾ ਤਸਕਰਾਂ ਦੀ 6.71 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਲਈ ਹੈ। ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਤੋਂ ਮਨਜ਼ੂਰੀ ਲੈਣ ਮਗਰੋਂ ਮਾਲ ਵਿਭਾਗ ਦੇ ਸਹਿਯੋਗ ਨਾਲ ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇਸ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।

ਦੱਸ ਦੇਈਏ ਕਿ ਨਸ਼ਾ ਮਾਫ਼ੀਆ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਰਾਤੋ-ਰਾਤ ਅਮੀਰ ਹੋਏ ਡਰੱਗ ਸਮੱਗਲਰਾਂ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤਹਿਤ ਹੁਣ ਤੱਕ ਕਪੂਰਥਲਾ ਪੁਲਿਸ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨਸ਼ਾ ਸਮੱਗਲਰਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਨੂੰ ਸਰਕਾਰੀ ਤੌਰ ’ਤੇ ਅਟੈਚ ਕਰ ਚੁੱਕੀ ਹੈ।

13 ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿਸ਼ੇਸ਼ ਟੀਮ ਬਣਾਈ ਗਈ ਸੀ। ਵਿਸ਼ੇਸ਼ ਟੀਮ ਨੇ ਕਾਰਵਾਈ ਕਰਦਿਆਂ ਐੱਫ਼ਆਈਆਰ ਨੰਬਰ 118 ਧਾਰਾ 22185 ਤਹਿਤ 23 ਜੂਨ 2016 ਨੂੰ ਕੋਤਵਾਲੀ ਪੁਲਿਸ ਵੱਲੋਂ ਨਸ਼ਾ ਬਰਾਮਦਗੀ ਮਾਮਲੇ ’ਚ ਨਾਮਜ਼ਦ ਗੁਜਰਾਲ ਸਿੰਘ ਉਰਫ਼ ਜੋਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਕਪੂਰਥਲਾ ਦੀ 1 ਕਰੋੜ 14 ਲੱਖ ਅਤੇ 2 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਹੈ।

ਉੱਥੇ ਹੀ ਐੱਫ਼ਆਈਆਰ ਨੰਬਰ 107 ਤਹਿਤ ਮਿਤੀ 14 ਅਕਤੂਬਰ 2013 ਨੂੰ ਡਰੱਗ ਬਰਾਮਦਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਗੌਰਾ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਪਿੰਟ ਬੂਟ ਦੀ 64 ਲੱਖ 44 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਵਾਇਆ ਗਿਆ ਹੈ। ਐੱਫ਼ਆਈਆਰ ਨੰਬਰ 196 ਮਿਤੀ 1 ਅਕਤੂਬਰ 2019 ਨੂੰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੁਲਵਿੰਦਰ ਸਿੰਘ ਉਰਫ਼ ਬੁੱਲੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਦੀ 4 ਲੱਖ 14 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ।

7 ਜੁਲਾਈ 2019 ਨੂੰ ਡਰੱਗ ਬਰਾਮਦਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੁਲਦੀਪ ਸਿੰਘ ਉਰਫ਼ ਸਾਬੀ ਪੁੱਤਰ ਸੁਰਜੀਤ ਸਿਘ ਵਾਸੀ ਬਾਦਸ਼ਾਹਪੁਰ ਥਾਣਾ ਕੋਤਵਾਲੀ ਕਪੂਰਥਲਾ ਦੀ 31 ਲੱਖ 61 ਹਜ਼ੈਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ। ਉੱਥੇ ਹੀ ਜਸਵਿੰਦਰ ਸਿੰਘ ਬਿੱਲਾ ਪੁੱਤਰ ਅਵਤਾਰ ਸਿੰਘ ਵਾਸੀ ਬਾਦਸ਼ਾਹਪੁਰ ਥਾਣਾ ਕੋਤਵਾਲੀ ਕਪੂਰਥਲਾ ਜਿਸ ਖ਼ਿਲਾਫ਼ ਥਾਣਾ ਕੋਤਵਾਲੀ ਪੁਲਿਸ ਨੇ 24 ਅਗਸਤ 2018 ਨੂੰ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਸੀ, ਦੀ 91 ਲੱਖ 58 ਹਜ਼ਾਰ 62 ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ।

26 ਅਗਸਤ 2019 ਨੂੰ ਡਰੱਗ ਬਰਾਮਦਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਜੰਗ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬੂਟ ਦੀ 50 ਲੱਖ 69 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ। ਉੱਥੇ ਹੀ ਸਤਬੀਰ ਸਿੰਘ ਕੰਡਾ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਕਪੂਰਥਲਾ, ਜਿਸ ਦੇ ਖ਼ਿਲਾਫ਼ 3 ਅਪ੍ਰੈਲ 2020 ਨੂੰ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਦੀ 31 ਲੱਖ 32 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ‘ਤੇ ਅਟੈਚ ਕੀਤਾ ਗਿਆ।

ਉੱਥੇ ਹੀ ਜਸਪਾਲ ਸਿੰਘ ਉਰਫ਼ ਜੱਸਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੂਟ, ਜਿਸ ਖ਼ਿਲਾਫ਼ 13 ਨਵੰਬਰ 2013 ਨੂੰ ਥਾਣਾ ਕੋਤਵਾਲੀ ’ਚ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਦੀ 47 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ, ਜਦਕਿ ਨਿਰਵੈਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਜਿਸ ਖ਼ਿਲਾਫ਼ ਡਰੱਗ ਬਰਾਮਦਗੀ ਦੇ 4 ਮਾਮਲੇ ਥਾਣਾ ਕੋਤਵਾਲੀ ’ਚ ਦਰਜ ਹਨ ਦੀ 16 ਲੱਖ 38 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ।

ਇਸੇ ਤਰ੍ਹਾਂ ਕੁਲਦੀਪ ਸਿੰਘ ਉਰਫ਼ ਬੈਂਜਾ ਅਤੇ ਸੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਾਵਣ ਕਾਲੋਨੀ ਕਪੂਰਥਲਾ ਜਿਸ ਖ਼ਿਲਾਫ਼ ਡਰੱਗ ਬਰਾਮਦਗੀ ਦੇ 4 ਮਾਮਲੇ ਦਰਜ ਹਨ, ਦੀ 65 ਲੱਖ 6 ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ, ਜਦਕਿ ਜਤਿੰਦਰ ਕੁਮਾਰ ਉਰਫ਼ ਧਨੀਆ ਪੁੱਤਰ ਭੂਸ਼ਣ ਲਾਲ ਵਾਸੀ ਮੁਹੱਲਾ ਲਾਹੌਰੀ ਗੇਟ ਹਾਲ ਵਾਸੀ ਜਲੌਖਾਨਾ ਕਪੂਰਥਲਾ ਜਿਸ ਖ਼ਿਲਾਫ਼ ਡਰੱਗ ਬਰਾਮਦਗੀ ਦੇ 2 ਮਾਮਲੇ ਦਰਜ ਹਨ, ਦੀ 27 ਲੱਖ 82 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਸਬੀਰ ਸਿੰਘ ਉਰਫ਼ ਜੀਤਾ ਪੁੱਤਰ ਮਹਿੰਗਾ ਰਾਮ ਵਾਸੀ ਮੁਹੱਲਾ ਹਾਥੀ ਖਾਨਾ ਕਪੂਰਥਲਾ, ਜਿਸ ਦੇ ਖ਼ਿਲਾਫ਼ ਥਾਣਾ ਸਿਟੀ ’ਚ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਹੈ, ਦੀ 29 ਲੱਖ 96 ਹਜ਼ਾਰ 400 ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ। ਜਦਕਿ ਸਰਬਜੀਤ ਸਿੰਘ ਉਰਫ ਲੁੱਗਾ ਪੁੱਤਰ ਹਰਕੀਰਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਜਿਸ ਖਿਲਾਫ਼ ਡਰੱਗ ਬਰਾਮਦਗੀ ਦੇ 2 ਮਾਮਲੇ ਦਰਜ ਹਨ, ਦੀ 96 ਲੱਖ 82 ਹਜਾਰ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ। ਇਸ ਸਬੰਧ ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ਼ ਜਾਰੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਬਾਕੀ ਤਸਕਰਾਂ ਦੀ ਜਾਇਦਾਦ ਵੀ ਅਟੈਚ ਕੀਤੀ ਜਾਵੇਗੀ।