Fake Birth Certificate Case: ਗਮਾਡਾ ਦੇ ਬਰਖ਼ਾਸਤ ਚੀਫ਼ ਇੰਜਨੀਅਰ ਨੂੰ 7 ਸਾਲ ਦੀ ਕੈਦ
PSEB ਦੇ ਸਾਬਕਾ ਸਹਾਇਕ ਸਕੱਤਰ ਲਾਭ ਸਿੰਘ ਨੂੰ ਵੀ 7 ਸਾਲ ਦੀ ਸਜ਼ਾ
Fake Birth Certificate Case: ਵਿਜੀਲੈਂਸ ਵੱਲੋਂ ਦਰਜ ਕੇਸ ਵਿਚ ਨਾਮਜ਼ਦ ਗਮਾਡਾ ਦੇ ਸਾਬਕਾ ਚੀਫ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਅਤੇ ਪੀਐਸਈਬੀ ਵਿਚ ਤਾਇਨਾਤ ਉਸ ਦੇ ਸਾਥੀ ਲਾਭ ਸਿੰਘ ਖ਼ਿਲਾਫ਼ ਮੁਹਾਲੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸੱਤ ਸਾਲ ਦੀ ਸਜ਼ਾ ਸੁਣਾਈ। ਇਕ ਹੋਰ ਦੋਸ਼ੀ ਕੇਕੇ ਭੰਡਾਰੀ, ਜੋ ਪੀਐਸਈਬੀ ਵਿਚ ਤਾਇਨਾਤ ਸੀ, ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ ਅਤੇ ਮੁਕੱਦਮੇ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਜਾਅਲੀ ਦਸਤਾਵੇਜ਼ਾਂ 'ਤੇ ਸਰਕਾਰੀ ਨੌਕਰੀ ਲੈਣ ਦੇ ਦੋਸ਼ੀ ਸੁਰਿੰਦਰਪਾਲ ਸਿੰਘ ਪਹਿਲਵਾਨ ਨੂੰ ਅਤੇ ਇਹ ਜਾਅਲੀ ਦਸਤਾਵੇਜ਼ ਤਿਆਰ ਕਰਨ 'ਚ ਪਹਿਲਵਾਨ ਦੀ ਮਦਦ ਕਰਨ 'ਤੇ ਲਾਭ ਸਿੰਘ ਨੂੰ ਸਜ਼ਾ ਦੇਣ ਦੇ ਨਿਰਦੇਸ਼ ਦਿਤੇ ਗਏ ਹਨ। ਸੁਰਿੰਦਰ ਪਾਲ ਪਹਿਲਵਾਨ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਹਨ।
ਵਿਜੀਲੈਂਸ ਨੇ ਤਿੰਨਾਂ ਵਿਰੁਧ ਸਾਲ 2017 ਵਿਚ ਐਫਆਈਆਰ ਨੰਬਰ-8 ਦਰਜ ਕੀਤੀ ਸੀ। ਸੁਰਿੰਦਰ ਪਹਿਲਵਾਨ ਦੀ ਜਨਮ ਮਿਤੀ 1967 ਸੀ, ਜਦਕਿ ਪਹਿਲਵਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਲਾਭ ਸਿੰਘ ਅਤੇ ਕੇਕੇ ਭੰਡਾਰੀ ਨਾਲ ਮਿਲ ਕੇ ਅਪਣੇ ਸਰਕਾਰੀ ਦਸਤਾਵੇਜ਼ਾਂ ਵਿਚ ਜਨਮ ਮਿਤੀ ਬਦਲ ਕੇ 1971 ਕਰ ਦਿਤੀ ਸੀ।
ਇਸ ਤਰ੍ਹਾਂ ਪਹਿਲਵਾਨ ਨੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਅਪਣੇ ਆਪ ਨੂੰ ਅਪਣੀ ਜਨਮ ਮਿਤੀ ਤੋਂ 4 ਸਾਲ ਛੋਟਾ ਸਾਬਤ ਕੀਤਾ। ਸਰਕਾਰੀ ਨੌਕਰੀ ਕਰਨ ਤੋਂ ਬਾਅਦ ਉਹ ਪਹਿਲੀ ਵਾਰ ਸਾਲ 1993 ਵਿਚ ਪੰਜਾਬ ਮੰਡੀ ਬੋਰਡ ਵਿਚ ਭਰਤੀ ਹੋਏ। ਇਸ ਤੋਂ ਬਾਅਦ ਉਹ ਡੈਪੂਟੇਸ਼ਨ ’ਤੇ ਗਮਾਡਾ ਆ ਗਏ ਅਤੇ ਉਥੇ ਚੀਫ ਇੰਜਨੀਅਰ ਦੀ ਪੋਸਟ ’ਤੇ ਤਾਇਨਾਤ ਰਹੇ। ਸਾਲ 2017 'ਚ ਇਸ ਦਾ ਖੁਲਾਸਾ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ, ਜਿਸ 'ਚ ਵਿਜੀਲੈਂਸ ਨੇ ਉਸ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿਚ ਚੱਲ ਰਹੀ ਸੀ।
(For more news apart from Fake Birth Certificate Case 7 yers jail for GMADA dismissed Chief Engineer Surinderpal Singh Pehlwan, stay tuned to Rozana Spokesman)