Ladowal Toll Plaza News: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ 'ਤੇ ਮੁੜ ਵਧੀਆਂ ਦਰਾਂ; ਦੇਰ ਰਾਤ ਤੋਂ ਨਵੇਂ ਰੇਟ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਲਈ 165 ਰੁਪਏ ਦੀ ਬਜਾਏ ਦੇਣੇ ਪੈਣਗੇ 215 ਰੁਪਏ

Ladowal Toll Plaza Punjab

Ladowal Toll Plaza News: 4 ਮਹੀਨਿਆਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਕ ਵਾਰ ਫਿਰ ਪੰਜਾਬ ਦੇ ਸੱਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿਤੇ ਹਨ। ਸ਼ੁਕਰਵਾਰ ਰਾਤ ਤੋਂ ਇਹ ਦਰ 30 ਫ਼ੀ ਸਦੀ ਵਧਾ ਦਿਤੀ ਗਈ ਹੈ। ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕਾਂ 'ਤੇ ਪਵੇਗਾ। ਹੁਣ ਕਾਰ-ਜੀਪ-ਵੈਨ ਦੇ ਸਿੰਗਲ ਟ੍ਰਿਪ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ।

ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ

ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ। NHAI ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ 'ਤੇ ਟੋਲ ਦਰਾਂ ਨੂੰ ਬਦਲ ਦਿਤਾ ਹੈ। 3 ਐਕਸਲ ਵਾਲੇ ਵਪਾਰਕ ਵਾਹਨਾਂ ਨੂੰ ਇਕ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ।

ਫਾਸਟੈਗ ਤੋਂ ਬਿਨਾਂ ਹੋਵੇਗਾ ਡਬਲ ਚਾਰਜ

ਬਿਨਾਂ ਫਾਸਟੈਗ ਵਾਲੇ ਵਾਹਨਾਂ 'ਤੇ ਯਾਤਰਾ ਲਈ ਦੁੱਗਣਾ ਖਰਚਾ ਲਿਆ ਜਾਵੇਗਾ। ਜੇਕਰ ਕਾਰ 'ਚ ਫਾਸਟੈਗ ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ NHAI ਨੇ ਮਾਸਿਕ ਪਾਸ 'ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਲੋਕਾਂ ਤਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਦਰ 330 ਰੁਪਏ ਹੈ।

NHAI ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ​​ਟੋਲਾਂ 'ਤੇ ਲਾਗੂ ਹੁੰਦੀ ਹੈ। ਜਿਸ ਵਿਚ ਲੁਧਿਆਣਾ ਵਿਚ ਲਾਡੋਵਾਲ ਟੋਲ ਪਲਾਜ਼ਾ, ਕਰਨਾਲ ਜ਼ਿਲ੍ਹੇ ਵਿਚ ਘੜੌਂਦਾ ਟੋਲ ਅਤੇ ਅੰਬਾਲਾ ਵਿਚ ਘੱਗਰ ਟੋਲ ਸ਼ਾਮਲ ਹਨ। ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਗੌਰਵ ਨੇ ਦਸਿਆ ਕਿ ਉਨ੍ਹਾਂ ਨੂੰ ਸ਼ੁਕਰਵਾਰ ਰਾਤ ਨੂੰ ਅਧਿਕਾਰੀਆਂ ਤੋਂ ਰੇਟ ਸੋਧ ਦੀ ਸੂਚਨਾ ਮਿਲੀ ਸੀ।

(For more news apart from Ladowal Toll Plaza Punjab Latest News Today in Punjabi, stay tuned to Rozana Spokesman)