ਖੇਤੀ ਕਾਨੂੰਨ : ਕਿਸਾਨਾਂ ਪ੍ਰਤੀ ਬੇਰਹਿਮੀ ਹੋਣ ’ਤੇ ਸੁਖਬੀਰ ਬਾਦਲ ਨੇ ਕੇਂਦਰ ਦੀ ਕੀਤੀ ਨਿਖੇਧੀ
ਗੱਲਬਾਤ ਕਰਨ ਦੀ ਛੁਰਲੀ ਸਿਰਫ ਕਿਸਾਨਾਂ ਨੂੰ ਬਦਨਾਮ ਕਰਨ ਲਈ ਛੱਡੀ ਜਾ ਰਹੀ ਹੈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਬੇਰਹਿਮੀ ਵਾਲਾ ਰਵੱਈਆ ਅਪਣਾਉਣ ਲਈ ਕੇਂਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੜਾਕੇ ਦੀ ਠੰਢ ਵਿਚ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਢਿੱਲਮੱਠ ਵਾਲਾ ਤੇ ਬੇਰਹਿਮੀ ਰਵੱਹੀਆ ਅਪਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਪਿਛਲੇ ਸੰਸਦੀ ਇਜਲਾਸ ਵਿਚ ਜਬਰੀ ਪਾਸ ਕਰਵਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁਧ ਆਵਾਜ਼ ਚੁੱਕਣ ’ਤੇ ਕਿਸਾਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਕੇਂਦਰ ਨੇ ਅਜਿਹੀ ਨੀਤੀ ਅਪਣਾਈ ਹੋਈ ਹੈ, ਜਿਸ ਨਾਲ ਕਿਸਾਨ ਥੱਕ ਜਾਣ। ਗੱਲਬਾਤ ਦਾ ਸ਼ਗੂਫਾ ਛੱਡਣ ਦਾ ਮਕਸਦ ਸਿਰਫ ਕਿਸਾਨਾਂ ਨੂੰ ਬਦਨਾਮ ਕਰਨਾ ਅਤੇ ਇਹ ਪ੍ਰਭਾਵ ਦੇਣਾ ਹੈ ਕਿ ਉਹ ਅੜੀਅਲ ਹਨ।
ਸੱਚਾਈ ਇਹ ਹੈ ਕਿ ਇਹ ਕੇਂਦਰ ਹੈ ਜੋ ਦੇਸ਼ ਭਰ ਦੇ ਕਿਸਾਨਾਂ ਵਲੋਂ ਪ੍ਰਵਾਨ ਨਾ ਕੀਤੇ ਜਾ ਰਹੇ ਤਿੰਨ ਖੇਤੀ ਐਕਟਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਕੇ ਅੜਬ ਰਵੱਈਆ ਅਪਣਾਈ ਬੈਠਾ ਹੈ।
ਐਨ. ਡੀ. ਏ. ਸਰਕਾਰ ਨੂੰ ਬਿਨਾਂ ਏਜੰਡੇ ਤੇ ਬਿਨਾਂ ਤਾਰੀਕ ਤੇ ਸਮੇਂ ਵਾਲੇ ਗੱਲਬਾਤ ਦੇ ਸੱਦੇ ਭੇਜ ਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਲਈ ਆਖਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਜੀਦਗੀ ਨਾਲ ਤਿੰਨ ਖੇਤੀ ਐਕਟ ਖਾਰਜ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਨੂੰ ਕਿਸਾਨਾਂ ਨੂੰ ਵੱਖਵਾਦੀ ਦੱਸ ਕੇ ਬਦਨਾਮ ਕਰਨ ਅਤੇ ਆੜ੍ਹਤੀਆਂ ਨੂੰ ਇਨਕਮ ਟੈਕਸ ਦੇ ਛਾਪਿਆਂ ਰਾਹੀਂ ਪੀੜ੍ਹਤ ਕਰਨ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਕੇਂਦਰ ਸਰਕਾਰ ਸੰਸਦ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਵੇ।