ਕਾਰਪੋਰੇਟਾਂ ਤਕ ਪਹੁੰਚਿਆ ਸੰਘਰਸ਼ ਦਾ ਸੇਕ, ਰਿਲਾਇੰਸ ਜੀਓ ਦੇ ਨੈੱਟਵਰਕ ਨੂੰ ਲੱਗੀ ਬਰੇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦਿਨਾਂ ਵਿਚ 200 ਤੋਂ ਵੱਧ ਟਾਵਰ ਹੋਏ ਬੰਦ

Mobile Tower

ਚੰਡੀਗੜ੍ਹ: ਹਾਕਮਾਂ ਨਾਲ ਸਾਂਝ-ਭਿਆਲੀ ਜ਼ਰੀਏ ਲੋਕਾਈ ‘ਤੇ ਰਾਜ ਕਰਨ ਦੇ ਸੁਪਨੇ ਸਮੋਈ ਕਾਰਬਾਰ ਵਧਾ ਰਹੇ ਕਾਰਪੋਰੇਟਾਂ ਨੂੰ ਸੰਘਰਸ਼ੀ ਧਿਰਾਂ ਦੀ ਲਾਮਬੰਦੀ ਨੇ ਚਿੰਤਾ ਵਿਚ ਪਾ ਦਿਤਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਨੂੰ ਕਾਰੋਬਾਰੀ ਨੁਕਸਾਨ ਤੋਂ ਇਲਾਵਾ ਅਪਣੇ ਕਾਇਮ ਕੀਤੇ ਸਾਮਰਾਜ ਨੂੰ ਰੱਬ ਭਰੋਸੇ ਛੱਡ ਦੂਰੋਂ ਤਮਾਸ਼ਾ ਵੇਖਣ ਲਈ ਮਜ਼ਬੂਰ ਕਰ ਦਿਤਾ ਹੈ। ਜਦਕਿ ਇਨ੍ਹਾਂ ਨੂੰ ਸੁਰੱਖਿਆ ਦੇਣ ਦੀ ਹਾਮੀ ਭਰਨ ਵਾਲੇ ਸਿਆਸੀ ਆਕਾ ਖੁਦ ਦੇ ਭਵਿੱਖ ਅਤੇ ਸਲਾਮਤੀ ਲਈ ਤਰਲੋਮੱਛੀ ਹੋ ਰਹੇ ਹਨ। ਰੇਲ, ਹਵਾਈ ਜਹਾਜ਼, ਬੰਦਰਗਾਹਾਂ ਅਤੇ ਹੋਰ ਕੁਦਰਤੀ ਸਾਧਨਾਂ ਤੇ ਆਪਣੀ ਧਾਕ ਜਮਾਉਣ ਤੋਂ ਬਾਅਦ ਕਾਰਪੋਰੇਟ ਘਰਾਨੇ ਖੇਤੀ ਖੇਤਰ ਨੂੰ ਵੀ ਅਪਣੇ ਕਲਾਵੇ ਵਿਚ ਲੈਣ ਦੀਆਂ ਕੋਸ਼ਿਸ਼ਾਂ ਵਿਚ ਹਨ। ਪਰ ‘ਧਰਤੀ ਪੁਤ’ ਕਿਸਾਨ ਨਾਲ ਲਏ ਪੰਗੇ ਨੇ ਇਨ੍ਹਾਂ ਨੂੰ ਹੱਥ ਨਾਲ ਦਿਤੀਆਂ ਗੰਢਾ ਮੂੰਹ ਨਾਲ ਖੋਲਣ ਲਈ ਮਜਬੂਰ ਕਰ ਰਿਹਾ ਹੈ।

ਖਬਰਾਂ ਮੁਤਾਬਕ ਕਿਸਾਨਾਂ ਵਲੋਂ ਕਾਰਪੋਰੇਟਾਂ ਦੇ ਬਾਈਕਾਟ ਦੀ ਵਿੱਢੀ ਮੁਹਿੰਮ ਤਹਿਤ ਪੰਜਾਬ ’ਚ ਤਿੰਨ ਦਿਨਾਂ ਅੰਦਰ ਹੀ ਰਿਲਾਇੰਸ ਜੀਓ ਦੇ 200 ਮੋਬਾਈਲ ਟਾਵਰ ਬੰਦ ਹੋ ਗਏ ਹਨ। ਇਸ ਕਰਕੇ ਜੀਓ ਦਾ ਨੈੱਟਵਰਕ ਠੱਪ ਹੋ ਗਿਆ ਹੈ। ਲੋਕ ਧੜਾਧੜ ਸਿੰਮ ਪੋਰਟ ਕਰਵਾ ਰਹੇ ਹਨ। ਪਤਾ ਲੱਗਾ ਹੈ ਕਿ ਰਿਲਾਇੰਸ ਜੀਓ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਤੇ ਟਾਵਰਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ।

ਰਿਲਾਇੰਸ ਨੇ ‘ਆਨਲਾਈਨ ਪੜ੍ਹਾਈ’ ਦਾ ਹਾਵਾਲਾ ਦੇ ਕੇ ਟਾਵਰਾਂ ਦੀ ਤਾਲਾਬੰਦੀ ਰੋਕਣ ਲਈ ਰਿਹਾ ਸੀ। ਪੰਜਾਬ ਵਿਚ ਤਾਂ ਹੁਣ ਪੰਚਾਇਤਾਂ ਨੇ ਵੀ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਰਿਲਾਇੰਸ ਜੀਓ ਵੱਲੋਂ ਲਿਖੇ ਪੱਤਰ ਅਨੁਸਾਰ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਪੰਜਾਬ ਵਿੱਚ ਛੇ ਖ਼ਿੱਤਿਆਂ ’ਚ ਜੀਓ ਕੰਪਨੀ ਦੇ ਲੱਖਾਂ ਕੁਨੈਕਸ਼ਨ ਪ੍ਰਭਾਵਿਤ ਹੋ ਗਏ ਹਨ, ਜਿਨ੍ਹਾਂ ਵਿੱਚ ਬਠਿੰਡਾ, ਜਗਰਾਉਂ, ਸਮਰਾਲਾ, ਬਲਾਚੌਰ, ਸੁਨਾਮ ਤੇ ਮੋਗਾ ਖ਼ਿੱਤੇ ਸ਼ਾਮਲ ਹਨ। ਪਤਾ ਲੱਗਾ ਹੈ ਕਿ ਤਿੰਨ ਦਿਨਾਂ ਵਿੱਚ ਹੀ 200 ਟਾਵਰ ਪੂਰਨ ਰੂਪ ਵਿੱਚ ਪ੍ਰਭਾਵਿਤ ਹੋਏ ਹਨ।

ਪੰਜਾਬ ਵਿੱਚ ਜੀਓ ਕੰਪਨੀ ਦੇ 1.40 ਕਰੋੜ ਕੁਨੈਕਸ਼ਨ ਹਨ ਤੇ 4ਜੀ ਦੀ ਹਾਈ ਸਪੀਡ ਕੁਨੈਕਟੇਵਿਟੀ ਹੈ। ਪੰਜਾਬ ਵਿਚ ਰਿਲਾਇੰਸ ਜੀਓ ਦੇ ਕਰੀਬ 9 ਹਜ਼ਾਰ ਟਾਵਰ ਹਨ ਤੇ ਕਰੀਬ 250 ਰਿਲਾਇੰਸ ਦਫ਼ਤਰ ਹਨ। ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਹਨ। ਸਤੰਬਰ ਮਹੀਨੇ ਤੋਂ ਜੀਓ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢ ਦਿੱਤੀ ਸੀ। ਜਲੰਧਰ ਤੇ ਲੁਧਿਆਣਾ ’ਚ 11-11 ਟਾਵਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ਾਨਾ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ’ਚ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ।

ਵੇਰਵਿਆਂ ਅਨੁਸਾਰ ਸੰਗਰੂਰ ’ਚ 7 ਟਾਵਰ, ਹੁਸ਼ਿਆਰਪੁਰ ਵਿੱਚ ਛੇ, ਕਪੂਰਥਲਾ, ਫ਼ਾਜ਼ਿਲਕਾ ਤੇ ਮਾਨਸਾ ਵਿਚ ਪੰਜ-ਪੰਜ, ਅੰਮ੍ਰਿਤਸਰ ਵਿਚ 9, ਗੁਰਦਾਸਪੁਰ, ਬਠਿੰਡਾ, ਫ਼ਿਰੋਜ਼ਪੁਰ, ਤਰਨ ਤਾਰਨ ਤੇ ਰੋਪੜ ਵਿਚ ਚਾਰ-ਚਾਰ ਟਾਵਰ, ਫ਼ਰੀਦਕੋਟ, ਮੋਗਾ, ਨਵਾਂਸ਼ਹਿਰ ਤੇ ਪਠਾਨਕੋਟ ਵਿਚ ਤਿੰਨ-ਤਿੰਨ ਟਾਵਰ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦਾ ਸੰਘਰਸ਼ ਜਾਰੀ ਰਹਿਣ ਦੀ ਸੂਰਤ ਵਿਚ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਹਿਤਾਂ ਨੂੰ ਵੱਡਾ ਮਾਇਕੀ ਨੁਕਸਾਨ ਹੋ ਸਕਦਾ ਹੈ।