ਮੈਂ ਬਾਦਲ ਕੋਲ ਰੇਤਾ, ਬਜਰੀ ਤੇ ਚਿੱਟੇ ਬਾਰੇ ਜ਼ੋਰ-ਸ਼ੋਰ ਨਾਲ ਅਵਾਜ਼ ਉਠਾਈ ਪਰ ਉਨ੍ਹਾਂ ਧਿਆਨ ਨਾ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਜਦੋਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਡੀ.ਜੀ.ਪੀ ਸੁਮੇਧ ਸੈਣੀ ਨੂੰ ਬਦਲਣ ਲਈ ਕਿਹਾ

Photo

ਮੋਗਾ (ਅਮਜਦ ਖ਼ਾਨ) : ਗੁਰਦੁਆਰਾ ਸ੍ਰੀ ਤੰਬੂ ਮਾਲ ਸਾਹਿਬ, ਡੱਗਰੂ ਹਲਕਾ ਮੋਗਾ ਵਿਖੇ  ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ, ਮੈਂਬਰ ਰਾਜ ਸਭਾ ਨੇ ਕਿਹਾ,''ਮੈਂ ਤੁਹਾਡੀਆਂ ਉਮੀਦਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਲੀਹਾਂ 'ਤੇ ਲਿਆਉਣ ਲਈ ਸਿਧਾਂਤਕ ਫ਼ੈਸਲਾ ਲਿਆ ਹੈ ਅਤੇ ਜਦੋਂ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵੀ ਸੰਘਰਸ਼ ਵਿੱਢਿਆ ਤਾਂ ਮੈਂ ਪੰਥ ਅਤੇ ਪੰਜਾਬ ਦੇ ਹਿਤਾਂ ਨੂੰ ਮੁੱਖ ਰਖਦਿਆਂ ਸਦਾ ਮੋਹਰੀ ਰੋਲ ਨਿਭਾਵਾਂਗਾ।''

ਢੀਂਡਸਾ ਨੇ ਕਿਹਾ,''ਜੋ ਲੋਕ ਅੱਜ ਮੈਨੂੰ ਸਵਾਲ ਕਰਦੇ ਹਨ ਕਿ ਮੇਰੀ ਕੀ ਕੁਰਬਾਨੀ ਹੈ? ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦਿਨਾਂ ਵਿਚ ਲੰਬਾ ਸਮਾਂ ਜੇਲ ਕੱਟੀ ਜਦੋਂ ਕਿਸੇ ਨੂੰ ਮੁਲਾਕਾਤ ਵੀ ਨਹੀਂ ਕਰਨ ਦਿਤੀ ਜਾਂਦੀ ਸੀ। ਮੈਂ ਅਜ਼ਾਦ ਤੌਰ 'ਤੇ ਐਮ.ਐਲ.ਏ ਦੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ"।

1985 ਵਿਚ ਜਦੋਂ ਸੁਰਜੀਤ ਸਿੰਘ ਬਰਨਾਲਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਪੁਲਿਸ ਫ਼ੋਰਸ ਅਤੇ ਅਪਣੇ ਸਾਥੀਆਂ ਨੂੰ ਨਾਲ ਲਿਜਾ ਕੇ ਬਲੈਕ ਥੰਡਰ ਕਰਵਾਇਆਂ ਤਾਂ ਮੈਂ ਇਕੱਲੇ ਐਮ.ਐਲ.ਏ ਨੇ ਬਰਨਾਲਾ ਦਾ ਡਟਵਾਂ ਵਿਰੋਧ ਕੀਤਾ। ਇਸ ਸਮੇਂ ਸ. ਬਰਨਾਲਾ ਨੇ ਮੈਨੂੰ ਕੈਬਨਿਟ ਮੰਤਰੀ ਬਣਾਉਣ ਅਤੇ ਹੋਰ ਕਈ ਤਰ੍ਹਾਂ ਦੇ ਲਾਲਚਾਂ ਦੀ ਪੇਸ਼ਕਸ਼ ਕੀਤੀ, ਪਰ ਗੱਲ ਅੱਜ ਸਿਧਾਂਤਾਂ ਦੀ ਹੋਣ ਕਾਰਨ ਮੈਂ ਇਸ ਸੱਭ ਨੂੰ ਠੋਕਰ ਮਾਰ ਦਿਤੀ"।

"ਸੰਗਰੂਰ ਜ਼ਿਲ੍ਹੇ ਦੇ ਸਾਰੇ ਵਿਧਾਇਕ ਸ.ਬਰਨਾਲਾ ਨਾਲ ਸਨ ਪਰ ਮੈਂ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਪਰਮੋਟ ਅਤੇ ਸੁਪੋਰਟ ਕਰ ਕੇ ਉਭਾਰਿਆ।'' ਢੀਂਡਸਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੋ ਅੱਜ ਸਾਨੂੰ ਪਾਰਟੀ ਨਾਲ ਗ਼ਦਾਰੀ ਕਰਨ ਦੀਆਂ ਨਸੀਹਤਾਂ ਦਿੰਦਾ ਹੈ, 'ਛੱਜ ਤਾਂ ਬੋਲੋ ਛਾਨਣੀ ਕੀ ਬੋਲੇ' ਇਹ ਲੌਂਗੋਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜਾ ਸੀ, ਅੱਜ ਬਰਨਾਲਾ ਪਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਰਲਾ ਕੇ ਕੀ ਸਿੱਧ ਕੀਤਾ ਜਾ ਰਿਹਾ ਹੈ?"

"ਅੱਜ ਸਾਡੇ ਤੇ ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ ਲਗਾਉਣ ਵਾਲੇ ਲੀਡਰ ਦੱਸਣਗੇ ਕਿ ਬਰਨਾਲਾ ਪਰਵਾਰ ਕਿਥੋਂ ਆਇਆ ਹੈ? ਗੋਬਿੰਦ ਲੌਂਗੋਵਾਲ ਨੂੰ ਜਿਸ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਮੈਂ ਉਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਜ਼ਾਦੀ ਬਹਾਲ ਕਰਵਾਉਣ ਲਈ ਲੜਾਈ ਲੜ ਰਿਹਾ ਹਾਂ ਤਾਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੰਥਕ ਹਿਤਾਂ ਲਈ ਖ਼ੁਦ ਫ਼ੈਸਲੇ ਲੈਣ ਲਈ ਸਮੱਰਥ ਹੋ ਸਕੇ"।

ਸ. ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ,''ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਜਦੋਂ ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਬਦਲਣ ਲਈ ਅਤੇ ਇਹ ਸੱਭ ਕੁੱਝ ਗ਼ਲਤ ਹੋ ਰਿਹਾ ਹੈ ਬਾਰੇ ਕਿਹਾ ਤਾਂ ਇਸ ਸਮੇਂ ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਇਕ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸੀ"।

"ਉਸ ਸਮੇਂ ਸੁਖਬੀਰ ਬਾਦਲ ਅਤੇ ਭੂੰਦੜ ਨੇ ਇਕੋ ਅਵਾਜ਼ ਵਿਚ ਕਿਹਾ ਕਿ ਜੇ ਡੀ.ਜੀ.ਪੀ ਬਦਲ ਦਿਤਾ ਤਾਂ ਪੁਲਿਸ ਵਿਚ ਬਗ਼ਾਵਤ ਹੋ ਜਾਵੇਗੀ ਅਤੇ ਨਿਰਾਸ਼ਤਾ ਆ ਜਾਵੇਗੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਮੈਂ ਰੇਤਾ, ਬਜਰੀ ਅਤੇ ਚਿੱਟੇ ਆਦਿ ਬਾਰੇ ਮੈਂ ਬਹੁਤ ਜ਼ੋਰ ਸ਼ੋਰ ਨਾਲ ਅਵਾਜ਼ ਉਠਾਈ ਪਰ ਉਨ੍ਹਾਂ ਨੇ ਰਤੀ ਭਰ ਵੀ ਮੇਰੀ ਗੱਲ ਵਲ ਧਿਆਨ ਨਹੀਂ ਦਿਤਾ ਜਿਸ ਦੇ ਨਤੀਜੇ ਵਜੋਂ ਅੱਜ ਪਾਰਟੀ ਦੇ ਇਹ ਹਾਲਾਤ ਹਨ।''

ਸ. ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ,''ਜਦੋਂ ਪਾਰਟੀ ਨੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਫ਼ਰੀਦਕੋਟ ਵਿਖੇ ਰੈਲੀ ਰੱਖੀ ਤਾਂ ਮੈਂ ਉਸੇ ਵਕਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਕਿਹਾ ਕਿ ਅਜਿਹਾ ਕਰਨ ਕਰ ਕੇ ਬਰਗਾੜੀ ਵਾਲੀਆਂ ਸੰਗਤਾਂ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਨਾ ਛਿੜਕੋ ਤਾਂ ਅੱਗੋਂ ਬਾਦਲ ਨੇ ਮੈਨੂੰ ਬੋਲਦਿਆਂ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਤਾਂ ਅਬੋਹਰ ਵਾਲੀ ਰੈਲੀ ਵਿਚ ਵੀ ਨਹੀਂ ਆਏ, ਤੁਹਾਨੂੰ ਪਤਾ ਕਿੰਨਾ ਇਕੱਠ ਸੀ ਉਥੇ, ਰੈਲੀ ਫ਼ਰੀਦਕੋਟ ਵਿਖੇ ਹੀ ਹੋਵੇਗੀ"।

"ਇਹੋ ਜਿਹੇ ਮੌਕਿਆਂ 'ਤੇ ਸ. ਬਾਦਲ ਤੋਂ ਮਿਲੀ ਨਿਰਾਸ਼ਤਾ ਕਾਰਨ ਮੈਂ ਪਾਰਟੀ ਤੋਂ ਅਸਤੀਫ਼ਾ ਦੇ ਕੇ ਚੁੱਪ ਕਰ ਕੇ ਬੈਠ ਗਿਆ, ਪਰ ਇਨ੍ਹਾਂ ਨੇ ਪਾਰਟੀ ਨੂੰ ਸਹੀ ਦਿਸ਼ਾ ਵਲ ਲਿਜਾਣ ਅਤੇ ਕੀਤੀਆਂ ਗ਼ਲਤੀਆਂ ਦਾ ਮੰਥਨ ਕਰਨ ਲਈ ਕਦੇ ਵੀ ਨਹੀਂ ਸੋਚਿਆ।''

ਸ. ਢੀਂਡਸਾ ਨੇ ਕਿਹਾ,''ਮੈਂ ਅੱਜ ਗੁਰਦਵਾਰਾ ਸਾਹਿਬ ਵਿਚ ਖੜਾ ਹੋ ਕੇ ਪ੍ਰੈਸ ਰਾਹੀਂ ਉਨ੍ਹਾਂ ਸੱਜਣਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜੋ ਅੱਜ ਇਹ ਕਹਿ ਰਹੇ ਹਨ ਕਿ ਸਾਰੇ ਫ਼ੈਸਲੇ ਸਾਨੂੰ ਪੁੱਛ ਕੇ ਹੁੰਦੇ ਹਨ, ਕੀ ਸਰਸੇ ਵਾਲੇ ਬਾਬੇ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਵੀ ਉਨ੍ਹਾਂ ਨੂੰ ਪੁਛ ਕੇ ਦਿਤੀ ਗਈ ਹੈ? ਉਹ ਇਸ ਬਾਰੇ ਸਪੱਸ਼ਟ ਕਰਨ।''

ਸ. ਢੀਂਡਸਾ ਨੇ ਕਿਹਾ,''ਸਾਡਾ ਮਿਸ਼ਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਪਰਵਾਰ ਤੋਂ ਖਹਿੜਾ ਛੁਡਵਾ ਕੇ ਉਸ ਦੀ ਹਸਤੀ ਨੂੰ ਅਜ਼ਾਦ ਕਰਵਾਉਣਾ ਹੈ। ਮੈਂ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਪੂਰਨ ਤੌਰ 'ਤੇ ਗੁਰਸਿੱਖੀ ਵਿਚ ਪਰਪੱਕ ਗੁਰਮਤਿ ਦੇ ਧਾਰਨੀ ਗੁਰ ਸਿੱਖਾਂ ਨੂੰ ਹੀ ਲੜਾਈ ਜਾਏਗੀ, ਉਹ ਕੋਈ ਵੀ ਰਾਜਨੀਤਕ ਚੋਣ ਨਹੀਂ ਲੜਣਗੇ ਕਿਉਂਕਿ ਸੱਭ ਤੋਂ ਪਹਿਲਾਂ ਸਾਨੂੰ ਪੰਥਕ ਤੌਰ 'ਤੇ ਧਰਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ"।

ਜੇ ਧਰਮ ਨਾ ਰਿਹਾ ਤਾਂ ਅਸੀਂ ਕਿੱਦਾ ਰਹਾਂਗੇ। ਮੈਂ ਖ਼ੁਦ ਕੋਈ ਚੋਣ ਨਹੀਂ ਲੜਾਂਗਾ, ਤੁਸੀਂ ਤਕੜੇ ਹੋਵੋ, ਸੱਚ ਦੇ ਰਸਤੇ ਤੇ ਚਲਦੇ ਸਮੇਂ ਸਾਨੂੰ ਜਿੰਨੀਆਂ ਮਰਜ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਅਸੀ ਸਹਿਣ ਕਰਨ ਨੂੰ ਤਿਆਰ ਹਾਂ।''