ਬਾਦਲਾਂ ਨੂੰ ਝਟਕਾ ਦੇਣ ਲਈ ਮੋਦੀ ਢੀਂਡਸਾ ਨੂੰ ਕੈਬਨਿਟ 'ਚ ਕਰ ਸਕਦੇ ਹਨ ਸ਼ਾਮਲ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਿੰਨ ਸਾਲ ਪਹਿਲਾਂ ਤਕ ਸਿਆਸੀ ਗਠਜੋੜ ਨੂੰ ਨੂੰਹ-ਮਾਸ ਦਾ ਰਿਸ਼ਤਾ ਦਸਣ ਵਾਲੇ ਅਕਾਲੀ ਆਗੂ ਵੀ ਹੋਣੀ ਨੂੰ ਦੇਖਦਿਆਂ ਨਵੀਂ ਵਿਉਂਤਬੰਦੀ ਕਰਨ ਵਿਚ ਜੁਟ ਗਏ ਹਨ।

Photo

ਬਠਿੰਡਾ (ਸੁਖਜਿੰਦਰ ਮਾਨ) : 1977 'ਚ ਪਹਿਲੀ ਵਾਰ ਅਕਾਲੀ-ਜਨਸੰਘੀ ਸਰਕਾਰ ਬਣਨ ਨਾਲ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ 'ਚ ਪੈਦਾ ਹੋਈ ਖ਼ਟਾਸ ਦੇ ਚੱਲਦੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ 'ਚ ਨਵੇਂ ਸਿਆਸੀ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ।

ਤਿੰਨ ਸਾਲ ਪਹਿਲਾਂ ਤਕ ਸਿਆਸੀ ਗਠਜੋੜ ਨੂੰ ਨੂੰਹ-ਮਾਸ ਦਾ ਰਿਸ਼ਤਾ ਦਸਣ ਵਾਲੇ ਅਕਾਲੀ ਆਗੂ ਵੀ ਹੋਣੀ ਨੂੰ ਦੇਖਦਿਆਂ ਨਵੀਂ ਵਿਉਂਤਬੰਦੀ ਕਰਨ ਵਿਚ ਜੁਟ ਗਏ ਹਨ। ਜਿਸ ਦੇ ਚੱਲਦੇ ਨਾਗਰਿਕਤਾ ਸੋਧ ਕਾਨੂੰਨ  ਦਾ ਸਹਾਰਾ ਲਿਆ ਜਾ ਰਿਹਾ। ਪ੍ਰੰਤੂ ਦੋਨਾਂ ਧਿਰਾਂ ਦੇ ਮਨਾਂ 'ਚ ਪੈਦਾ ਹੋਈ ਤਰੇੜ ਦੇ ਚਲਦਿਆਂ ਜਲਦੀ ਹੀ ਇਸ ਗਠਜੋੜ ਦੇ ਟੁੱਟ ਜਾਣ ਦੀਆਂ ਸਿਆਸੀ ਹਲਕਿਆਂ 'ਚ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ।

ਕੁੱਝ ਟਕਸਾਲੀ ਆਗੂਆਂ ਤੇ ਭਾਜਪਾ ਦੇ ਉਚ ਪੱਧਰੀ ਹਲਕਿਆਂ 'ਚ ਚੱਲ ਰਹੀ ਚਰਚਾ ਮੁਤਾਬਕ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਿੰਦੇ ਹੋਏ ਅਪਣੀ ਕੈਬਨਿਟ ਵਿਚ ਬਾਗੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਾਮਲ ਕਰ ਸਕਦੇ ਹਨ। ਜਿਸ ਤੋਂ ਬਾਅਦ ਪੂਰੀ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਦਾ ਭੋਗ ਪੈ ਜਾਵੇਗਾ।

ਕੁੱਝ ਟਕਸਾਲੀ ਤੇ ਭਾਜਪਾ ਆਗੂਆਂ ਨੇ ਇੰਨ੍ਹਾਂ ਚਰਚਾਵਾਂ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ '' ਹੁਣ ਮੁੱਲ ਦੇ ਵਿਆਹ ਵਾਂਗ ਦੋਨਾਂ ਧਿਰਾਂ ਲਈ ਗਠਜੋੜ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ।''

ਭਾਜਪਾ ਦੇ ਇੱਕ ਚੋਟੀ ਦੇ ਆਗੂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ''ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਿਚ ਗਠਜੋੜ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹੀ ਹਾਈਕਮਾਂਡ ਵਲੋਂ ਅਕਾਲੀ ਦਲ ਤੋਂ ਵੱਖ ਹੋਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ, ਜਿਸਦਾ ਪਹਿਲਾਂ ਸਬੂਤ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਹੁਣ ਦਿੱਲੀ ਚੋਣਾਂ ਵਿਚ ਦੇਖਣ ਨੂੰ ਮਿਲ ਰਿਹਾ।''

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਚੁੱਪ ਬੈਠੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਹਾਈਕਮਾਂਡ ਵਲੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਸਰਗਰਮੀਆਂ ਸ਼ੁਰੂ ਹੋਈਆਂ ਹਨ। ਦਸਣਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੀ ਢੀਂਡਸਾ ਦੇ ਭਾਜਪਾ ਹਾਈਕਮਾਂਡ ਨਾਲ ਨਿੱਘੇ ਸਬੰਧ ਹਨ, ਜਿਸ ਦੇ ਕਾਰਨ ਮੋਦੀ ਸਰਕਾਰ ਵਲੋਂ ਬਾਦਲਾਂ ਨਾਲ ਨਰਾਜ਼ਗੀ ਦੇ ਬਾਵਜੂਦ ਪਿਛਲੇ ਸਾਲ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ।

ਇਸ ਤੋਂ ਇਲਾਵਾ ਉਹ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਵੀ ਕੇਂਦਰ ਵਿਚ ਕੈਬਨਿਟ ਮੰਤਰੀ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਇੱਕ ਟਕਸਾਲੀ ਅਕਾਲੀ ਆਗੂ ਨੇ ਵੀ ਸੰਪਰਕ ਕਰਨ 'ਤੇ ਦਾਅਵਾ ਕੀਤਾ ਕਿ '' ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਵੱਡੇ ਫ਼ੇਰਬਦਲ ਦੇਖਣ ਨੂੰ ਮਿਲ ਸਕਦੇ ਹਨ। ''

ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਛਾਈ ਮੌਤ ਵਰਗੀ ਚੁੱਪ ਆਉਣ ਵਾਲੇ ਭਿਆਨਕ ਤੁਫ਼ਾਨ ਦੀ ਨਿਸ਼ਾਨੀ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਵਲੋਂ ਜਿਆਦਾ ਤਿੱਖੇ ਤੇਵਰ ਦਿਖਾਉਣ 'ਤੇ ਕੇਂਦਰ ਦੀ ਮੋਦੀ ਸਰਕਾਰ ਸੀਬੀਆਈ ਰਾਹੀ ਬਰਗਾੜੀ ਬੇਦਅਬੀ ਕਾਂਡ ਦਾ ਬੰਬ ਵੀ ਸੁੱਟ ਸਕਦੀ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬਰਗਾੜੀ ਬੇਅਦਬੀ ਕਾਂਡ ਲਈ ਬਣਾਈ ਵਿਸੇਸ ਜਾਂਚ ਟੀਮ ਤੋਂ ਇਲਾਵਾ ਇਸਦੀ ਸੀਬੀਆਈ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਪਿਛਲੇ ਦਿਨਾਂ 'ਚ ਇਸ ਕੇਂਦਰੀ ਜਾਂਚ ਏਜੰਸੀ ਵਲੋਂ ਵਿਸੇਸ ਅਦਾਲਤ ਵਿਚ ਅਰਜੀ ਦਾਈਰ ਕਰਕੇ ਇੱਕ ਗੁਪਤ ਰੀਪੋਰਟ ਵੀ ਦਾਖ਼ਲ ਕੀਤੀ ਗਈ ਹੈ ਤੇ ਨਾਲ ਹੀ ਜਲਦੀ ਹੀ ਇਸ ਕਾਂਡ ਦੀ ਪੜਤਾਲ ਦਾ ਭਰੋਸਾ ਦਿੱਤਾ ਹੈ।

ਭਾਜਪਾ ਨਾਲ ਕੋਈ ਮਤਭੇਦ ਨਹੀਂ: ਢੀਂਡਸਾ
ਬਠਿੰਡਾ: ਉਧਰ ਸੰਪਰਕ ਕਰਨ 'ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਚਰਚਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਲੇ ਤੱਕ ਅਜਿਹਾ ਕੋਈ ਆਫ਼ਰ ਨਹੀਂ ਆਇਆ ਪ੍ਰੰਤੂ ਉਨ੍ਹਾਂ ਦੇ ਭਾਜਪਾ ਨਾਲ ਕੋਈ ਮਤਭੇਦ ਨਹੀਂ।

ਸਪੋਕਸਮੈਨ ਦੇ ਇਸ ਪ੍ਰਤੀਨਿਧ ਕੋਲ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 'ਉਹ ਅਕਾਲੀ ਹਨ ਤੇ ਅਕਾਲੀ ਦਲ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਆਵਾਜ਼ ਬੁਲੰਦ ਕਰ ਰਹੇ ਹਨ।' ਸ. ਢੀਂਡਸਾ ਨੇ ਮੋਦੀ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ ਸਮਿਆਂ 'ਚ ਇਸ ਸਰਕਾਰ ਨੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਕੇ, ਕਰਤਾਰਪੁਰ ਸਾਹਿਬ ਦਾ ਰਾਸਤਾ ਖੋਲ੍ਹ ਕੇ ਅਤੇ ਹੋਰ ਕੰਮ ਕਰਕੇ ਸਿੱਖਾਂ ਦੇ ਦਿਲਾਂ ਵਿਚੋਂ ਸ਼ੰਕੇ ਦੂਰ ਕੀਤੇ ਹਨ।