ਘੜੂੰਆਂ ਨੇੜੇ ਐਸ.ਵਾਈ.ਐਲ ਨਹਿਰ ‘ਤੇ ਆਟੋ ਚਾਲਕ ਦੀ ਗੋਲੀਆਂ ਮਾਰ ਕੇ ਹੱਤਿਆ
2 ਮਹੀਨੇ ਪਹਿਲਾਂ ਹੋਇਆ ਸੀ ਜੋਧਾ ਸਿੰਘ ਦਾ ਵਿਆਹ...
ਖਰੜ: ਨਜ਼ਦੀਕੀ ਪਿੰਡ ਬੱਤਾ ‘ਚ ਦਿਨ-ਦਿਹਾੜੇ ਕੁਝ ਨੌਜਵਾਨਾਂ ਵੱਲੋਂ ਆਟੋ ਚਾਲਕ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਉਸਨੂੰ ਪਹਿਲਾਂ ਚਾਕੂ ਮਾਰੇ ਗਏ ਅਤੇ ਬਾਅਦ ਵਿਚ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਜੋਧਾ ਸਿੰਘ (26) ਵਾਸੀ ਪਿੰਡ ਚੂੰਨੀ ਖੁਰਦ ਦੇ ਵਜੋਂ ਹੋਈ ਹੈ।
ਇਸ ਸੰਬੰਧੀ ਘੜੂੰਆ ਪੁਲਿਸ ਨੇ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਪਿੰਡ ਦੇ ਹੀ ਇਕ ਵਿਅਕਤੀ ਤੇ ਉਸਦੇ ਅਣਪਛਾਤੇ ਸਾਥੀਆਂ ਵਿਰੁੱਧ ਧਾਰਾ-302, 34 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕੁਲਦੀਪ ਸਿੰਘ ਅਨੁਸਾਰ ਲਗਪਗ 4-5 ਮਹੀਨੇ ਪਹਿਲਾਂ ਜੋਧਾ ਸਿੰਘ ਦੀ ਪਿੰਡ ਦੇ ਹੀ ਇਕ ਨੌਜਵਾਨ ਨਾਲ ਲੜਾਈ ਹੋ ਗਈ ਸੀ, ਜਿਸ ਦੇ ਚਲਦੇ ਅਕਸਰ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਘੜੂੰਆਂ ਸਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਕ ਰਾਹਗੀਰ ਨੇ ਸੂਚਨਾ ਦਿੱਤੀ ਕਿ ਇਕ ਆਟੋ ਚਾਲਕ ਨੂੰ ਪਿੰਡ ਬੱਤਾ ‘ਚ ਕਿਸੇ ਨੇ ਗੋਲੀ ਮਾਰ ਦਿੱਤੇ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕਰਨ ਉਪਰੰਤ ਆਟੋ ਚਾਲਕ ਨੂੰ ਘੜੂੰਆਂ ਦੇ ਪ੍ਰਾਇਵੇਟ ਹਸਪਤਾਲ ਹੈਲਥ ਸ਼ੋਅਰ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਪੁਲਿਸ ਵੱਲੋਂ ਮ੍ਰਿਤਕ ਦੇ ਪਰਵਾਰ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਭਰਾ ਦੇ ਬਿਆਨ ‘ਤੇ ਮੁਲਜ਼ਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।