ਸੱਚ ਸਾਬਤ ਹੋਈਆਂ ਦੂਰ-ਅੰਦੇਸ਼ੀ ਸ਼ਖ਼ਸੀਅਤਾਂ ਦੀਆਂ ਚਿਤਾਵਨੀਆਂ, ਸਰਕਾਰ ’ਤੇ ਵੀ ਉਠੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾਕ੍ਰਮ ਗਿਣੀ ਮਿਥੀ ਸਾਜ਼ਸ਼ ਦਾ ਹਿੱਸਾ ਕਰਾਰ

Tractor march

ਚੰਡੀਗੜ੍ਹ : ਕਿਸਾਨੀ ਅੰਦੋਲਨ ਨਾਲ ਉਹੀ ਕੁੱਝ ਹੋਇਆ ਹੈ, ਜਿਸ ਦਾ ਡਰ ਸੀ। ਪਿਛਲੇ 5-6 ਮਹੀਨਿਆਂ ਤੋਂ ਸ਼ਾਂਤਮਈ ਚੱਲ ਰਿਹਾ ਅੰਦੋਲਨ ਉਹ ਦਿਸ਼ਾ ਲੈ ਗਿਆ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਲਾਲ ਕਿਲੇ ’ਤੇ ਝੰਡਾ ਚੜ੍ਹਾਉਣਾ ਜਾਂ ਉਸ ਰੂਟ ’ਤੇ ਟਰੈਕਟਰ ਮਾਰਚ ਕਰਨਾ ਕਿਸਾਨ ਜਥੇਬੰਦੀਆਂ ਦਾ ਏਜੰਡਾ ਨਹੀਂ ਸੀ। ਫਿਰ ਵੀ ਕੁੱਝ ਲੋਕ ਉਥੇ ਪਹੁੰਚੇ ਅਤੇ ਖ਼ਾਲਸਾਈ ਅਤੇ ਕਿਸਾਨੀ ਝੰਡਾ ਲਹਿਰਾਉਣ ਵਰਗੀ ਗ਼ਲਤੀ ਕੀਤੀ, ਜਿਸ ਨੇ ਕਿਸਾਨੀ ਸੰਘਰਸ਼ ਨਾਲ ਜੁੜੇ ਹਰ ਉਸ ਸਖ਼ਸ਼ ਨੂੰ ਅੰਦਰੋਂ ਹਿਲਾ ਕੇ ਰੱਖ ਦਿਤਾ ਹੈ, ਜੋ ਇਸ ਅੰਦੋਲਨ ਵਿਚੋਂ ਕੁੱਝ ਚੰਗਾ ਹੋਣ ਦੀ ਉਮੀਦ ਲਾਈ ਬੈਠਾ ਸੀ।

ਲਾਲ ਕਿਲੇ ’ਤੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣਾ ਆਪਣੇ ਆਪ ਵਿਚ ਬੰਜਰ ਗ਼ਲਤੀ ਹੈ। ਉਥੇ ਕਿਸਾਨੀ ਜਾਂ ਕੇਸਰੀ ਝੰਡਾ ਲਹਿਰਾਉਣ ਦਾ ਨਾ ਹੀ ਮੌਕਾ ਸੀ ਅਤੇ ਨਾ ਹੀ ਕੋਈ ਕਾਰਨ ਮੌਜੂਦ ਸੀ, ਜਿਸ ਤਹਿਤ ਅਜਿਹਾ ਕੀਤਾ ਗਿਆ। ਜੇਕਰ ਇਨ੍ਹਾਂ ਨੇ ਉਥੇ ਝੰਡਾ ਲਹਿਰਾਉਣਾ ਹੀ ਸੀ ਤਾਂ ਦੇਸ਼ ਦਾ ਕੌਮੀ ਝੰਡਾ ਲਹਿਰਾਇਆ ਜਾ ਸਕਦਾ ਸੀ। ਪਰ ਕਿਸਾਨੀ ਝੰਡਾ ਲਹਿਰਾ ਕੇ ਜਿੱਥੇ ਇਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਠੇਸ ਪਹੁੰਚਾਈ ਹੈ, ਉਥੇ ਹੀ ਕੇਸਰੀ ਝੰਡੇ ਦਾ ਪ੍ਰਦਰਸ਼ਨ ਕਰ ਕੇ ਸਿੱਖਾਂ ਦੀ ਛਵੀ ਨੂੰ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

ਮੌਜੂਦ ਚੱਲ ਰਿਹਾ ਕਿਸਾਨੀ ਸੰਘਰਸ਼ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ। ਇਹ ਕਿਸੇ ਧਰਮ ਜਾਂ ਫ਼ਿਰਕੇ ਨਾਲ ਸਬੰਧਤ ਨਹੀਂ ਹੈ। ਇਸ ਲਈ ਲਾਲ ਕਿਲੇ ’ਤੇ ਝੰਡਾ ਲਹਿਰਾਉਣਾ ਆਪਣੇ ਆਪ ਵਿਚ ਆਪਹੁਦਰੀ ਕਾਰਵਾਈ ਹੈ। ਦੂਜੇ ਪਾਸੇ ਇਸ ਨੂੰ ਲੈ ਕੇ ਦੀਪ ਸਿੱਧੂ ਵਰਗੇ ਅਖੌਤੀ ਆਗੂ ’ਤੇ ਵੀ ਸਵਾਲ ਉਠ ਰਹੇ ਹਨ। ਜੇਕਰ ਇਹ ਕਾਰਾ ਕੁੱਝ ਨੌਜਵਾਨ ਹੀ ਕਰਦੇ ਤਾਂ ਮੰਨਿਆ ਜਾ ਸਕਦਾ ਕਿ ਉਹ ਜੋਸ਼ ਵਿਚ ਅਜਿਹੀ ਕਾਰਵਾਈ ਕਰ ਗਏ ਹਨ। ਪਰ ਦੀਪ ਸਿੱਧੂ ਵਰਗੇ ਸੁਲਝੇ ਹੋਏ ਜਾਪਦੇ ਆਗੂ ਵਲੋਂ ਅਜਿਹੀ ਕਾਰਵਾਈ ਦੀ ਅਗਵਾਈ ਕਰਨਾ ਅਤੇ ਕੈਮਰੇ ਅੱਗੇ ਲਿਵ ਹੋ ਕੇ ਬੇਮਤਲਬੀ ਨਾਅਰੇਬਾਜ਼ੀ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।

ਦੀਪ ਸਿੱਧੂ ਵਰਗੇ ਕੁੱਝ ਆਗੂਆਂ ’ਤੇ ਪਹਿਲਾਂ ਹੀ ਸਵਾਲ ਖੜ੍ਹੇ ਹੋ ਰਹੇ ਸਨ। ਇਹੀ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ ਅਜਿਹੇ ਆਗੂਆਂ ਨੂੰ ਅਪਣੀਆਂ ਸਟੇਜਾਂ ਤੋਂ ਦੂਰ ਰੱਖਿਆ ਜਾ ਰਿਹਾ ਸੀ। ਇਹ ਆਗੂ ਪਹਿਲਾਂ ਸ਼ੰਭੂ ਬੈਰੀਅਰ ’ਤੇ ਖੁਦ ਦੀ ਲੀਡਰੀ ਚਮਕਾਉਂਦਾ ਰਿਹਾ ਅਤੇ ਫਿਰ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਗਿਆ। ਜਿਸ ਦਿਨ ਕਿਸਾਨ ਪੰਜਾਬ ਤੋਂ ਦਿੱਲੀ ਰਵਾਨਾ ਹੋਏ, ਉਸ ਦਿਨ ਵੀ ਇਹ ਦਿੱਲੀ ਦੇ ਧੁਰ ਅੰਦਰ ਤਕ ਪਹੁੰਚ ਗਿਆ ਸੀ ਅਤੇ ਇਸ ਨੇ ਲੀਵ ਹੋ ਕੇ ਸ਼ੋਸ਼ਲ ਮੀਡੀਆ ’ਤੇ ਅਪਣੇ ਦਿੱਲੀ ਪਹੁੰਚਣ ਦੇ ਕਿੱਸੇ ਬਿਆਨ ਕੀਤੇ ਸਨ। 

ਬੀਤੀ ਸ਼ਾਮ ਸਿੰਘੂ ਬਾਰਡਰ ’ਤੇ ਕੁੱਝ ਦੇਰ ਦੇ ਹੋਏ ਹੰਗਾਮੇ ਮੌਕੇ ਵੀ ਅਜਿਹੇ ਅਨਸਰ ਟਰੈਕਟਰ ਪਰੇਡ ਦੌਰਾਨ ਅਪਣੀ ਪੁਗਾਉਣ ਦੀ ਅੜੀ ਪ੍ਰਗਟਾ ਚੁੱਕੇ ਸਨ। ਕਾਫੀ ਰੌਲੇ ਰੱਪੇ ਤੋਂ ਬਾਅਦ ਇਹ ਉਦੋਂ ਹੀ ਸ਼ਾਂਤ ਹੋਏ ਜਦੋਂ ਸਟੇਜ ਤੋਂ ਉਨ੍ਹਾਂ ਦੇ ਕਹੇ  ਮੁਤਾਬਕ ਰੂਟ ਦਾ ਐਲਾਨ ਨਹੀਂ ਕਰ ਦਿਤਾ। ਇਸ ਦੌਰਾਨ ਕੁੱਝ ਆਵਾਜ਼ ਹੁਣੇ ਹੀ ਕੂਚ ਕਰਨ ਦੀਆਂ ਵੀ ਉਠੀਆਂ  ਜਿਨ੍ਹਾਂ ਨੂੰ ਸਟੇਜ ’ਤੇ ਮੌਜੂਦ ਆਗੂਆਂ ਨੇ ਫਿਟਕਾਰ ਵੀ ਪਾਈ ਜਿਸ ਤੋਂ ਬਾਅਦ ਇਹ ਚੁੱਪ ਹੋ ਪਏ ਸਨ।

ਦੂਜੇ ਪਾਸੇ ਇਸ ਸਾਰੇ ਘਟਨਾਕ੍ਰਮ ਨੂੰ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਲਾਲ ਕਿਲੇ ਵਰਗੇ ਇਤਿਹਾਸਕ ਸਥਾਨ ’ਤੇ, ਉਹ ਵੀ 26 ਜਨਵਰੀ ਵਰਗੇ ਦਿਹਾੜੇ ਮੌਕੇ ਇੰਨੀ ਵੱਡੀ ਗਿਣਤੀ ’ਚ ਲੋਕਾਂ ਦਾ ਬਿਨਾਂ ਕਿਸੇ ਰੋਕ ਟੋਕ ਦੇ ਪਹੁੰਚ ਜਾਣਾ ਅਤੇ ਪੂਰੀ ਬਿਲਡਿੰਗ ’ਤੇ ਕਬਜ਼ਾ ਕਰ ਲੈਣਾ ਅਪਣੇ ਆਪ ਵਿਚ ਵੱਡੇ ਸਵਾਲ ਪੈਦਾ ਕਰਦਾ ਹੈ। ਕੀ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਸੁਰੱਖਿਆ ਏਜੰਸੀ ਨੂੰ ਇਸ ਦੀ ਭਿਣਕ ਤਕ ਨਹੀਂ ਪਈ ਕਿ ਅਜਿਹਾ ਕੁੱਝ ਹੋ ਸਕਦਾ ਹੈ।