ਪਾਣੀਆਂ ਸਬੰਧੀ ਕੈਪਟਨ ਦੀ ਦੋ-ਟੁੱਕ : 'ਭਾਵੇਂ ਸ਼ਹੀਦ ਹੋ ਜਾਈਏ ਪਰ ਦਰਿਆਵਾਂ ਦਾ ਪਾਣੀ ਨਹੀਂ ਦਿਆਂਗੇ'

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਰਾਜ ਕੋਲ ਇਕ ਬੂੰਦ ਪਾਣੀ ਵੀ ਹੋਰ ਰਾਜ ਨੂੰ ਦੇਣ ਲਈ ਵਾਧੂ ਨਹੀਂ

file photo

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਅੱਜ ਮੁਕੰਮਲ ਹੋਣ ਤੋਂ ਬਾਅਦ ਧਨਵਾਦ ਮਤਾ ਪਾਸ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸੰਘ ਨੇ ਮਤਾ ਪਾਸ ਹੋਣ ਤੋਂ ਪਹਿਲਾਂ ਬਹਿਸ ਦਾ ਜਵਾਬ ਦਿੰਦਿਆਂ ਕਈ ਅਹਿਮ ਐਲਾਨ ਕੀਤੇ। ਪਾਣੀਆਂ ਦੇ ਮੁੱਦੇ 'ਤੇ ਅੱਜ ਮੁੜ ਤਿੱਖਾ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਪੇਰੀਅਨ ਲਾਅ ਮੁਤਾਬਕ ਵੀ ਰਾਜ ਵਿਚ ਵਗਦੇ ਪਾਣੀ 'ਤੇ ਸਾਡਾ ਹੱਕ ਹੈ। ਉਨ੍ਹਾਂ ਪੰਜਾਬ ਤੋਂ ਨਦੀਆਂ ਦਾ ਪਾਣੀ ਮੰਗਣ ਵਾਲੇ ਗੁਆਂਢੀ ਰਾਜ ਹਰਿਆਣਾ ਨੂੰ ਚੇਤਾਵਨੀ ਦੇ ਲਹਿਜੇ ਵਿਚ ਬੜੇ ਹੀ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਭਾਵੇਂ ਸ਼ਹੀਦ ਹੋ ਜਾਈਏ ਪਰ ਪਾਣੀ ਨਹੀਂ ਦਿਆਂਗੇ।

ਉਨ੍ਹਾਂ ਕਿਹਾ ਕਿ ਸਾਥੋਂ ਤਾਂ ਪਾਣੀ ਮੰਗਦੇ ਹਨ ਪਰ ਸਾਨੂੰ ਕੋਈ ਪਾਣੀ ਦੇਣ ਨੂੰ ਤਿਆਰ ਨਹੀਂ ਜਦਕਿ ਪੰਜਾਬ ਵਿਚ ਵਗਦੇ ਦਰਿਆਵਾਂ ਵਿਚ ਸਾਡਾ ਵੀ ਹੱਕ ਬਣਦਾ ਸੀ ਜੋ ਸਾਨੂੰ ਨਹੀਂ ਮਿਲਿਆ ਪਰ ਹਰਿਆਣਾ ਨੂੰ ਅਸੀ ਪਾਣੀ ਫੇਰ ਵੀ ਦਿਤਾ। ਕੈਪਟਨ ਨੇ ਕਿਹਾ ਕਿ ਇਸ ਸਮੇਂ ਤਾਂ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਵੈਸੇ ਵੀ ਘੱਟ ਰਿਹਾ ਹੈ ਅਤੇ ਜ਼ਮੀਨ ਹੇਠਲਾ ਪਾਣੀ ਵੀ ਥੱਲੇ ਜਾ ਰਿਹਾ ਹੈ।

ਕਿਸਾਨਾਂ ਬਾਰੇ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਬਿਜਲੀ ਦੀ ਸਹੂਲਤ ਕਦੇ ਵੀ ਬੰਦ ਨਹੀਂ ਕਰਾਂਗੇ। 5.62 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਚੁਕਾ ਹੈ ਅਤੇ 5 ਏਕੜ ਤਕ ਵਾਲੇ ਬਾਕੀ ਰਹਿੰਦੇ ਕਿਸਾਨਾਂ ਦਾ ਕਰਜ਼ਾ ਵੀ ਛੇਤੀ ਮਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਫ਼ਸਲਾਂ ਦਾ ਸਮਰਥਨ ਮੁਲ (ਐਮ.ਐਸ.ਪੀ.) ਬੰਦ ਕਰਨ ਦੀ ਤਜਵੀਜ਼ ਦਾ ਵੀ ਵਿਰੋਧ ਕੀਤਾ ਜਾਵੇਗਾ ਅਤੇ ਇਸ ਵਿਰੁਧ ਛੇਤੀ ਹੀ ਸਰਬ ਪਾਰਟੀ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਾਂਗੇ। ਮੁੱਖ ਮੰਤਰੀ ਨੇ ਇਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਇਤਿਹਾਸਕ ਸਥਾਨ ਤਰਨਤਾਰਨ ਵਿਖੇ ਨਵੀਂ ਲਾਅ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਸੁਪਰੀਮ ਕੋਰਟ ਵਿਚ ਰਿਜ਼ਰਵੇਸ਼ਨ ਪਾਲਿਸੀ ਬਾਰੇ ਆਏ ਫ਼ੈਸਲੇ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨੌਕਰੀਆਂ ਤੇ ਤਰੱਕੀਆਂ ਬਾਰੇ ਰਾਖਵੇਂਕਰਨ ਦੀ ਨੀਤੀ ਵਿਚ ਕਈ ਮੁਲਾਜ਼ਮਾਂ ਲਈ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਤਨਖ਼ਾਹ ਕਮਿਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਦੀਆਂ ਆਉਣ ਵਾਲੀਆਂ ਸਿਫ਼ਾਰਸ਼ਾਂ ਅਗਲੇ ਸਾਲ ਲਾਗੂ ਕੀਤੀਆਂ ਜਾਣਗੀਆਂ।

ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਨੂੰ ਇਤਿਹਾਸਕ ਕਦਮ ਦਸਦਿਆਂ ਮੁੱਖ ਮੰਤਰੀ ਨੇ ਸਦਨ ਵਿਚ ਸਮੂਹ ਮੈਂਬਰ ਨੂੰ ਵਧਾਈ ਦਿਤੀ ਅਤੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਰਵ ਪਾਰਟੀ ਵਫ਼ਦ ਨੂੰ ਲੈ ਕੇ ਮਿਲਣ ਸਮੇਂ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਤੋਂ ਇਲਾਵਾ ਹਿੰਦੂ ਧਾਰਮਕ ਸਥਾਨ ਕਟਾਸ ਰਾਜ ਦੇ ਖੁਲ੍ਹੇ ਦਰਸ਼ਨਾਂ ਦੀ ਆਗਿਆ ਲਈ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਮੰਗ ਕੀਤੀ ਜਾਵੇਗੀ। ਘਰ ਘਰ ਰੁਜ਼ਗਾਰ ਦੇ ਵਾਅਦੇ ਸਬੰਧੀ ਵਿਰੋਧੀ ਧਿਰ ਵਲੋਂ ਬਹਿਸ ਵਿਚ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ 11 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।  1714 ਪਲੇਸਮੈਂਟ ਕੈਂਪ ਲਾਏ ਗਏ। 57,905 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਇਲਾਵਾ 3,96,775 ਪ੍ਰਾਈਵੇਟ  ਕੰਪਨੀਆਂ ਰਾਹੀਂ ਨੌਕਰੀਆਂ ਦਿਵਾਈਆਂ ਗਈਆਂ।

7,61,290 ਨੌਜਵਾਨਾਂ ਨੂੰ ਸਬਸਿਡੀਆਂ ਆਦਿ ਦੇ ਕੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਇਸੇ ਦੌਰਾਨ ਆਪ ਦੇ ਅਮਨ ਅਰੋੜਾ ਅਤੇ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪੇਸ਼ ਇਨ੍ਹਾਂ ਅੰਕੜਿਆਂ ਨੂੰ ਚੁਨੌਤੀ ਦਿੰਦਿਆਂ ਕਿਹਾ ਗਿਆ ਕਿ ਰਾਜਪਾਲ ਭਾਸ਼ਣ ਦੇ ਅੰਕੜੇ ਹੋਰ ਹਨ। ਇਸ ਕਾਰਨ ਸੱਤਾਧਿਰ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਤਿਖੀ ਤਕਰਾਰਬਾਜ਼ੀ ਹੋਈ ਅਤੇ ਦੋਵੇਂ ਇਕ ਦੂਜੇ ਨੂੰ ਖੜੇ ਹੋ ਕੇ ਚੁਨੌਤੀ ਦੇਣ ਲੱਗੇ। ਸੱਤਾਧਿਰ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਇੰਦਰਬੀਰ ਬੁਲਾਰੀਆ ਅਤੇ ਰਾਜਾ ਵੜਿੰਗ ਅਤੇ ਵਿਰੋਧੀ ਮੈਂਬਰਾਂ ਵਿਚ ਢਿੱਲੋਂ ਨਾਲ ਬਿਕਰਮ ਮਜੀਠੀਆ, ਪਵਨ ਟੀਨੂ, ਹਰਪਾਲ ਚੀਮਾ ਆਦਿ ਦਰਮਿਆਨ ਤਿੱਖੀ ਬਹਿਸਬਾਜ਼ੀ ਹੋਈ। ਸਪੀਕਰ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕੀਤਾ ਪਰ ਅਕਾਲੀ ਦਲ ਦੇ ਮੈਂਬਰ ਮੁੱਖ ਮੰਤਰੀ ਦੇ ਭਾਸ਼ਨ ਦੇ ਖ਼ਤਮ ਹੋਣ ਤੋਂ ਪਹਿਲਾਂ ਵਾਕ ਆਊਟ ਕਰ ਕੇ ਚਲੇ ਗਏ।

ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ 'ਤੇ ਜਵਾਬ ਦੇਣ ਸਮੇਂ ਇਹ ਗੱਲ ਵੀ ਮੁੜ ਦੁਹਰਾਈ ਕਿ ਉਨ੍ਹਾਂ ਦੀ ਸਰਕਾਰ ਰਾਜ ਵਿਚ ਅਮਨ ਸ਼ਾਂਤੀ ਹਰ ਹੀਲੇ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਅਮਨ ਭੰਗ ਕਰਨ ਦੀ ਆਗਿਆ ਨਹੀਂ ਦਿਆਂਗੇ। ਉਨ੍ਹਾਂ ਨਸ਼ਿਆਂ ਦੇ ਮਾਮਲਿਆਂ ਵਿਚ ਵੀ ਵੱਡੀ ਸਫ਼ਲਤਾ ਦਾ ਦਾਅਵਾ ਕਰਦਿਆਂ ਅੰਕੜੇ ਪੇਸ਼ ਕੀਤੇ। ਉਨ੍ਹਾਂ ਛੇਤੀ ਹੀ ਸਟੇਟ ਡਰੱਗ ਕੰਟਰੋਲ ਐਕਟ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਜਿਥੇ ਸਿਖਿਆ ਸੁਧਾਰਾਂ ਦਾ ਦਾਅਵਾ ਕੀਤਾ ਉਥੇ ਨਾਲ ਹੀ ਦਾਅਵਾ ਕੀਤਾ ਕਿ 58000 ਕਰੋੜ ਦੇ ਨਿਵੇਸ਼ ਨਾਲ ਰਾਜ ਵਿਚ ਨਵੇਂ ਉਦਯੋਗ ਲਗਣੇ ਸ਼ੁਰੂ ਹੋ ਗਏ ਹਨ।