ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਜੋ-ਸਮਾਨ ਭੇਜਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਲਈ ਪੱਖੇ ਤਿਆਰ ਕਰ ਰਿਹਾ ਸਾਬਕਾ ਹੌਲਦਾਰ ਹਰਜੀਤ ਸਿੰਘ

save farmers from heat

ਅੰਮ੍ਰਿਤਸਰ: ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਚੁੱਕਿਆ ਹੈ। ਅੱਤ ਦੀ ਠੰਡ ਤੋਂ ਬਾਅਦ ਬਹਾਰ ਅਤੇ ਅੱਗੇ ਸਖਤ ਗਰਮੀ ਦਾ ਮੌਸਮ ਆਉਣ ਵਾਲਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮਸਲੇ ਦੇ ਛੇਤੀ ਹੱਲ ਨਿਕਲਣ ਦੀਆਂ ਸੰਭਾਵਨਾਵਾਂ ਮੱਧਮ ਵਿਖਾਈ ਦੇ ਰਹੀਆਂ ਹਨ। ਕਿਸਾਨ ਸ਼ੁਰੂ ਤੋਂ ਹੀ 6-6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਰਹੇ ਹਨ। ਕਿਸਾਨਾਂ ਦੀ ਇਹ ਭਵਿੱਖੀ ਸੋਚ ਸੱਚ ਸਾਬਤ ਹੁੰਦੀ ਵਿਖਾਈ ਦੇ ਰਹੀ ਹੈ।

ਹੁਣ ਕਿਸਾਨਾਂ ਨੇ ਅਗਲੇਰੇ ਗਰਮੀ ਦੇ ਮੌਸਮ ਨਾਲ ਨਜਿੱਠਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸਰਦੀਆਂ ਵਾਂਗ ਹੁਣ ਗਰਮੀ ਤੋਂ ਬਚਾਅ ਲਈ ਲੋੜੀਂਦੇ ਸਮਾਨ ਦੀ ਭਰਪਾਈ ਲਈ ਦਾਨੀ ਸੱਜਣਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਲੋਕ ਕਿਸਾਨੀ ਅੰਦੋਲਨ ਵਿਚ ਵਿੱਤ ਮੁਤਾਬਕ ਯੋਗਦਾਨ ਪਾ ਕੇ ਖੁਦ ਦੇ ਧੰਨ ਭਾਗ ਸਮਝ ਰਹੇ ਹਨ।

ਸਰਦੀਆਂ ਦੇ ਮੌਸਮ ਦੇ ਹਿਸਾਬ ਨਾਲ ਪਹਿਲਾਂ ਲੋਕ ਕੰਬਲ-ਰਜਾਈਆਂ, ਗੀਜ਼ਰ ਸਮੇਤ ਹੋਰ ਨਿਕ-ਸੁਕ ਸੰਘਰਸ਼ੀ ਸਥਾਨਾਂ ਵੱਲ ਪਹੁੰਚਾ ਰਹੇ ਸਨ, ਹੁਣ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੱਖੇ, ਕੂਲਰ, ਮੱਛਰਦਾਨੀਆਂ ਸਮੇਤ ਹੋਰ ਲੋੜੀਂਦਾ ਸਮਾਨ ਭੇਜਣ ਦੀ ਤਿਆਰੀ ਕਰ ਰਹੇ ਹਨ।  ਇਸੇ ਤਹਿਤ ਅੰਮ੍ਰਿਤਸਰ ਤੋਂ ਇਕ ਸਾਬਕਾ ਸੈਨਾ ਦੇ ਹੌਲਦਾਰ ਹਰਜੀਤ ਸਿੰਘ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਲਈ ਮੋਰਚੇ ਵਿਚ ਪੱਖੇ ਭੇਜਣ ਦਾ ਫੈਸਲਾ ਕੀਤਾ ਹੈ। ਹਰਜੀਤ ਸਿੰਘ ਕੁਝ ਕਾਰੀਗਰਾਂ ਦੀ ਮਦਦ ਨਾਲ ਖੁਦ ਪੱਖੇ ਤਿਆਰ ਕਰ ਰਿਹਾ ਹੈ।

ਹੁਣ ਤੱਕ ਉਨ੍ਹਾਂ 80 ਦੇ ਕਰੀਬ ਪੱਖੇ ਤਿਆਰ ਕਰ ਲਏ ਹਨ ਤੇ 50 ਦੇ ਕਰੀਬ ਹੋ ਤਿਆਰ ਕਰ ਰਹੇ ਹਨ। ਹਰਜੀਤ ਸਿੰਘ ਮੁਤਾਬਕ 5 ਮਾਰਚ ਨੂੰ ਜੋ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਏਗਾ, ਉਸ ਦੀ ਹਰ ਟਰਾਲੀ ਵਿਚ ਇੱਕ ਪੱਖਾ ਲਾ ਕੇ ਦਿੱਤਾ ਜਾਏਗਾ ਤਾਂ ਜੋ ਕਿਸਾਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।

ਇਸੇ ਤਰ੍ਹਾਂ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਗਰਮੀਆਂ ਦੇ ਮੌਸਮ ਲਈ ਸਾਜੋ-ਸਮਾਨ ਇਕਾਤਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੋਰਚੇ ਵਾਲੀਆਂ ਥਾਵਾਂ 'ਤੇ ਬਿਜਲੀ ਕੁਨੈਕਸ਼ਨ ਲੈਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕੁਨੈਕਸ਼ਨ ਨਾ ਮਿਲਣ ਦੀ ਸੂਰਤ ਵਿਚ ਕਿਸਾਨਾਂ ਵੱਲੋਂ ਜਨਰੇਟਰਾਂ ਰਾਹੀ ਬਿਜਲੀ ਦੀ ਪੂਰਤੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।