ਪਲਟਵਾਰ: ਦਿੱਲੀ ਵਾਲੇ ਪਾਸਿਉਂ ਆ ਕੇ ਬਿਆਨ ਦੇਣ ਵਾਲੇ ਪਹਿਲਾਂ ਪੰਜਾਬ ਲਈ ਆਪਣਾ ਯੋਗਦਾਨ ਵੇਖਣ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਕੀਤਾ ਸੀ ਐਲਾਨ

Pargat Singh

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਗਾਮੀ ਚੋਣਾਂ ਦੌਰਾਨ ਮੁੱਖ ਮੰਤਰੀ ਚਿਹਰੇ ਵਜੋਂ ਅੱਗੇ ਲਿਆਉਣ ਦੇ ਕੀਤੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਅੰਦਰੂਨੀ ਵਿਰੋਧ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਪਾਰਟੀ ਵਿਧਾਇਕ ਪ੍ਰਗਟ ਸਿੰਘ ਨੇ ਕੈਪਟਨ ਦੀ ਲੀਡਰਸ਼ਿਪ 'ਤੇ ਸਵਾਲ ਖੜ੍ਹ੍ਹੇ ਕੀਤੇ ਸਨ। ਇਸ ਦੇ ਜਵਾਬ ਵਿਚ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਗਟ ਸਿੰਘ ਨੂੰ ਨਸੀਹਤ ਦਿੰਦਿਆਂ ਉਨ੍ਹਾਂ ਦੀ ਪੰਜਾਬ ਨੂੰ ਦੇਣ ਬਾਰੇ ਸਵਾਲ ਪੁਛਿਆ ਹੈ।

ਵਿਧਾਇਕ ਨੂੰ ਕਰਾਰ ਜਵਾਬ ਦਿੰਦਿਆਂ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਵਾਲੇ ਪਾਸਿਓਂ ਆਕੇ ਬਿਆਨ ਦੇਣੇ ਸੌਖੇ ਨੇ,  ਅਜਿਹੇ ਆਗੂ  ਬਿਆਨ ਦੇਣ ਤੋਂ ਪਹਿਲਾਂ ਆਪਣੇ ਯੋਗਦਾਨ ਵੱਲ ਵੀ ਧਿਆਨ ਦੇਣ, ਕਿ ਉਨ੍ਹਾਂ ਨੇ ਇਨ੍ਹਾਂ ਔਖੇ ਵੇਲਿਆਂ ਵਿਚ ਸੂਬੇ ਲਈ ਕੀ ਕੀਤਾ?  ਆਪਣੇ ਕਹੇ ਬੋਲਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈ ਕਮਾਡ ਨੇ ਹੀ ਕਰਨਾ ਹੁੰਦਾ ਹੈ।

ਉਨ੍ਹਾਂ ਨਸੀਹਤ ਦਿੰਦਿਆਂ ਕਿਹਾ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ, ਮੁੱਖ ਮੰਤਰੀ ਕੌਣ ਹੋਵੇਗਾ, ਇਹ ਫੈਸਲਾ ਤਾਂ ਹਾਈਕਮਾਨ ਦਾ ਹੀ ਹੋਵੇਗਾ। ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਜਿਹੇ ਬਿਆਨ ਨਾ ਦੇਕੇ, ਏਕਾ ਬਣਾ ਕੇ ਰੱਖੀਏ। ਦੱਸਣਯੋਗ ਹੈ ਕਿ ਵਿਧਾਇਕ ਪਰਗਟ ਸਿੰਘ ਨੇ ਸੁਨੀਲ ਜਾਖੜ ਦੇ ਬਿਆਨ 'ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ 2022 ਵਿਚ ਕਾਂਗਰਸ ਨੂੰ ਵੋਟ ਮਿਲਣਾ ਮੁਸ਼ਕਲ ਹੋਵੇਗਾ,  ਲੋਕ ਕਾਂਗਰਸ ਨੂੰ ਵੋਟ ਦੇਣ ਤੋਂ ਪਹਿਲਾਂ ਸੋਚਣਗੇ,  ਸੂਬੇ ਵਿਚ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਸੀ।

ਜਾਖੜ ਦੇ 'ਕੈਪਟਨ ਫਾਰ 2022' ਦੇ ਨਾਅਰੇ 'ਤੇ ਪਰਗਟ ਸਿੰਘ ਨੇ ਕਿਹਾ ਸੀ ਕਿ ਉਹ ਸੂਬੇ ਦੇ ਪ੍ਰਧਾਨ ਨੇ ਪਰ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਪਾਰਟੀ ਹਾਈਕਮਾਨ ਨੂੰ ਲੈਣਾ ਚਾਹੀਦਾ ਹੈ,  ਪਾਰਟੀ ਹਾਈ ਕਮਾਨ ਹੀ ਤੈਅ ਕਰੇ ਕਿ ਕਿਸਦੀ ਅਗਵਾਈ ਵਿਚ ਚੋਣਾਂ ਲੜੀਆਂ ਜਾਣਗੀਆਂ। ਦੂਜੇ ਪਾਸੇ ਕਾਂਗਰਸ ਦੇ ਅੰਦਰੂਨੀ ਕਾਂਟੋ-ਕਲੇਸ਼ ਬਾਰੇ ਵਿਰੋਧੀਆਂ ਨੇ ਚੁਟਕੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਜਦੋਂ ਕਾਂਗਰਸ ਪਾਰਟੀ ਦੇ ਆਗੂ ਹੀ ਅਜਿਹੇ ਸਵਾਲ ਚੁੱਕ ਰਹੇ ਹਨ ਤਾਂ ਸੁਨੀਲ ਜਾਖੜ ਦੀ ਬਤੌਰ ਪ੍ਰਧਾਨ ਕੀ ਅਹਿਮੀਅਤ ਹੈ ?